ਗਗਨਦੀਪ ਅਰੋੜਾ
ਲੁਧਿਆਣਾ, 27 ਅਕਤੂਬਰ
ਇੱਥੇ ਦੀਵਾਲੀ ਤੋਂ ਅਗਲੇ ਦਿਨ ਜਿਹੜੀ ਨੌਜਵਾਨ ਦੀ ਲਾਸ਼ ਮਿਲੀ ਸੀ, ਉਸ ਨੌਜਵਾਨ ਦਾ ਨਾਜਾਇਜ਼ ਸਬੰਧਾਂ ਕਰਕੇ ਕਤਲ ਕੀਤਾ ਗਿਆ ਸੀ। ਸਾਹਨੇਵਾਲ ਦੇ ਜੁਗਿਆਣਾ ਖੇਤਰ ’ਚ ਰਹਿਣ ਵਾਲੇ ਨੌਜਵਾਨ ਦਾ ਉਸ ਦੇ ਨਾਲ ਸ਼ਰਾਬ ਪੀ ਰਹੇ ਦੋਸਤਾਂ ਨੇ ਇੱਟਾਂ ਪੱਥਰ ਮਾਰ ਕੇ ਕਤਲ ਕੀਤਾ ਸੀ।
ਮ੍ਰਿਤਕ ਦੇ ਆਪਣੇ ਦੋਸਤ ਦੀ ਭਾਬੀ ਨਾਲ ਨਾਜਾਇਜ਼ ਸਬੰਧ ਸਨ ਤੇ ਇਸੇ ਗੱਲ ਨੂੰ ਉਸ ਨੇ ਨਸ਼ੇ ਵਿੱਚ ਦੱਸ ਦਿੱਤਾ। ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਖਾਲੀ ਪਲਾਟ ’ਚ ਸੁੱਟ ਕੇ ਫ਼ਰਾਰ ਹੋ ਗਏ। ਘਟਨਾ ਦੀਵਾਲੀ ਵਾਲੀ ਰਾਤ ਦੀ ਹੈ। ਅਗਲੇ ਦਿਨ ਪੁਲੀਸ ਨੇ ਲਾਸ਼ ਬਰਾਮਦ ਕੀਤੀ ਤਾਂ ਮ੍ਰਿਤਕ ਦੀ ਪਛਾਣ ਜੁਗਿਆਣਾ ਦੀ ਬਿਹਾਰੀ ਕਲੋਨੀ ਵਾਸੀ ਸਨੀ ਵਜੋਂ ਹੋਈ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਇਸ ਕਤਲਕਾਂਡ ਨੂੰ ਸੰਨੀ ਦੇ ਦੋਸਤਾਂ ਨੇ ਅੰਜਾਮ ਦਿੱਤਾ ਹੈ। ਪੁਲੀਸ ਨੇ ਸੰਨੀ ਦੇ ਭਰਾ ਮਿੱਠੂ ਦੀ ਸ਼ਿਕਾਇਤ ’ਤੇ ਉਸ ਦੇ ਦੋਸਤ ਸੰਜੀਤ ਕੁਮਾਰ, ਰਾਹੁਲ, ਭੋਲਾ ਤੇ ਉਸ ਦੇ ਪਿਤਾ ਰਾਜੂ ਸਿੰਘ ਖਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਰਾਜੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮ ਦਾ 2 ਦਿਨ ਦਾ ਪੁਲੀਸ ਰਿਮਾਂਡ ਲੈ ਲਿਆ ਹੈ। ਪੁਲੀਸ ਫ਼ਰਾਰ ਚੱਲ ਰਹੇ ਮੁਲਜ਼ਮਾਂ ਦੀ ਭਾਲ ’ਚ ਛਾਪੇ ਮਾਰ ਰਹੀ ਹੈ। ਉਧਰ, ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ, ਜਿਸ ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਥਾਣਾ ਸਾਹਨੇਵਾਲ ਦੇ ਐੱਸਐੱਚਓ ਇੰਸਪੈਕਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਸੰਨੀ ਮੂਲ ਰੂਪ ’ਚ ਬਿਹਾਰ ਦਾ ਰਹਿਣ ਵਾਲਾ ਹੈ। ਉਹ ਸਨਅਤੀ ਸ਼ਹਿਰ ’ਚ ਕੁਝ ਸਮੇਂ ਤੋਂ ਰਹਿ ਰਿਹਾ ਹੈ ਤੇ ਫੈਕਟਰੀ ’ਚ ਨੌਕਰੀ ਕਰਦਾ ਹੈ। ਸਨੀ ਸ਼ਰਾਬ ਪੀਣ ਦਾ ਆਦੀ ਸੀ ਤੇ ਦੀਵਾਲੀ ਵਾਲੀ ਰਾਤ ਉਹ ਮੁਲਜ਼ਮਾਂ ਨਾਲ ਘਰ ਕੋਲ ਖਾਲੀ ਪਲਾਟ ’ਚ ਸ਼ਰਾਬ ਪੀ ਰਿਹਾ ਸੀ। ਉਥੇ ਸੰਨੀ ਨੇ ਸੰਜੀਤ ਕੁਮਾਰ ਨੂੰ ਦੱਸਿਆ ਕਿ ਉਸ ਦੀ ਭਾਬੀ ਨਾਲ ਉਸ ਦਾ ਨਾਜਾਇਜ਼ ਰਿਸ਼ਤਾ ਹੈ। ਸੰਜੀਤ ਤੇ ਰਾਹੁਲ ਨੇ ਇਸ ਗੱਲ ਨੂੰ ਬਰਦਾਸ਼ਤ ਨਾ ਕਰਦੇ ਹੋਏ ਰਾਜੂ ਸਿੰਘ ਤੇ ਭੋਲਾ ਨੂੰ ਨਾਲ ਲੈ ਕੇ ਸਨੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਸਿਰ ’ਤੇ ਇੱਟਾਂ ਪੱਥਰ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਗਲੇ ਦਿਨ ਪੁਲੀਸ ਨੂੰ ਸੂਚਨਾ ਮਿਲੀ ਕਿ ਬਿਹਾਰੀ ਕਲੋਨੀ ਦੇ ਇੱਕ ਖਾਲੀ ਪਲਾਟ ’ਚ ਨੌਜਵਾਨ ਦੀ ਖੂਨ ਨਾਲ ਲਥਪਥ ਲਾਸ਼ ਪਈ ਹੈ। ਪੁਲੀਸ ਨੇ ਜਾਂਚ ਦੌਰਾਨ ਹੀ ਮੁਲਜ਼ਮ ਰਾਜੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਸਾਰਾ ਰਾਜ਼ ਖੁੱਲ੍ਹ ਕੇ ਸਾਹਮਣੇ ਆ ਗਿਆ। ਪੁਲੀਸ ਦਾ ਦਾਅਵਾ ਹੈ ਕਿ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।