ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 7 ਸਤੰਬਰ
ਪੁਲੀਸ ਤੇ ਪ੍ਰਸ਼ਾਸਨ ਵੱਲੋਂ ਭਾਵੇਂ ਕਿ ਇਲਾਕੇ ਵਿੱਚ ਰੇਤੇ ਦੀ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਤੇ ਇਸੇ ਤਹਿਤ ਕਈ ਲੋਕਾਂ ’ਤੇ ਪਰਚੇ ਵੀ ਦਰਜ ਕੀਤੇ ਗਏ ਹਨ ਪਰ ਫਿਰ ਵੀ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ’ਚੋਂ ਨਾਜਾਇਜ਼ ਮਾਈਨਿੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।
ਬਾਰਿਸ਼ਾਂ ਕਾਰਨ ਸਤਲੁਜ ਦਰਿਆ ’ਚੋਂ ਰੇਤੇ ਦੀਆਂ ਮਨਜ਼ੂਰਸ਼ੁਦਾ ਖੱਡਾ ’ਤੇ ਵੀ ਮਾਈਨਿੰਗ ਕਰਨ ਦੀ ਪਾਬੰਦੀ ਹੈ ਪਰ ਚਿੱਟੇ ਰੇਤ ਦੇ ਕਾਲੇ ਕਾਰੋਬਾਰ ’ਚ ਰਾਤ ਪੈਂਦਿਆਂ ਹੀ ਨਾਜਾਇਜ਼ ਮਾਈਨਿੰਗ ਦਾ ਧੰਦਾ ਸ਼ੁਰੂ ਹੋ ਜਾਂਦਾ ਹੈ ਜੋ ਤੜਕੇ ਤੱਕ ਜਾਰੀ ਰਹਿੰਦਾ ਹੈ। ਬੇਸ਼ੱਕ ਪੁਲੀਸ ਵਲੋਂ ਸਤੁਲਜ ਦਰਿਆ ’ਚੋਂ ਬਾਰਿਸ਼ਾਂ ਕਾਰਨ ਹੜ੍ਹਾਂ ਵਰਗੀ ਸਥਿਤੀ ’ਤੇ ਨਜ਼ਰ ਰੱਖਣ ਲਈ ਪਿੰਡ ਧੁੱਲੇਵਾਲ ਵਿੱਚ ਪੁਲੀਸ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ ਅਤੇ ਇੱਥੇ ਤਾਇਨਾਤ ਪੁਲੀਸ ਪਾਰਟੀ ਧੁੱਸੀ ਬੰਨ੍ਹ ’ਤੇ ਲਗਾਤਾਰ ਨਜ਼ਰ ਰੱਖਦੀ ਹੈ। ਇਸ ਸਭ ਦੇ ਬਾਵਜੂਦ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੰਟਰੋਲ ਰੂਮ ਤੋਂ ਸਿਰਫ਼ ਇਕ ਕਿਲੋਮੀਟਰ ਦੂਰੀ ’ਤੇ ਸਥਿਤ ਪਿੰਡ ਈਸਾਪੁਰ ਵਿੱਚ ਸਤਲੁਜ ਦਰਿਆ ਅੰਦਰ ਰੇਤੇ ਦੀ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਹੁੰਦੀ ਹੈ।
ਭਾਵੇਂ ਕਿ ਥਾਣਾ ਮਾਛੀਵਾੜਾ ਦੇ ਨਵੇਂ ਮੁਖੀ ਵਲੋਂ ਅਹੁਦਾ ਸੰਭਾਲਦਿਆਂ ਹੀ ਦਾਅਵੇ ਕੀਤੇ ਗਏ ਸਨ ਕਿ ਉਹ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦੇਣਗੇ ਪਰ ਦੋ ਦਿਨ ਸ਼ਾਂਤ ਰਹਿਣ ਤੋਂ ਬਾਅਦ ਮੁੜ ਦਰਿਆ ’ਚ ਨਾਜਾਇਜ਼ ਮਾਈਨਿੰਗ ਦਾ ਸ਼ੁਰੂ ਹੋਣਾ ਪੁਲੀਸ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਨਾਜਾਇਜ਼ ਮਾਈਨਿੰਗ ਨੂੰ ਜਲਦੀ ਤੋਂ ਜਲਦੀ ਰੋਕਿਆ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ
ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਕਿਹਾ ਪਿੰਡ ਈਸਾਪੁਰ ਨੇੜੇ ਸਤਲੁਜ ਦਰਿਆ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਊਨ੍ਹਾਂ ਦੇ ਧਿਆਨ ’ਚ ਹੈ ਅਤੇ ਉਹ ਜਲਦੀ ਹੀ ਉੱਥੋਂ ਦਾ ਦੌਰਾ ਕਰਨਗੇ। ਊਨ੍ਹਾਂ ਕਿਹਾ ਕਿ ਜੇਕਰ ਦਰਿਆ ’ਚ ਕੋਈ ਨਾਜਾਇਜ਼ ਮਾਈਨਿੰਗ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।