ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 29 ਅਕਤੂਬਰ
ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜੇ ਸਥਿਤ ਲੋਹਾ ਫੈਕਟਰੀ ਵੱਲੋਂ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸੀ ਜਿਸ ਨੂੰ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮੌਕੇ ’ਤੇ ਜਾ ਕੇ ਰੁਕਵਾਇਆ। ਉਨ੍ਹਾਂ ਕੁੰਭਕਰਨੀ ਨੀਂਦ ਸੁੱਤੇ ਪਏ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਜਗਾ ਕੇ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਕਿਸੇ ਵਿਅਕਤੀ ਨੇ ਲਿਆਂਦਾ ਕਿ ਫੈਕਟਰੀ ਵਾਲੇ ਆਪਣੀ ਕੰਧ ਤੋੜ ਕੇ ਜੰਗਲਾਤ ਵਿਭਾਗ ਦੀ ਕਾਫ਼ੀ ਜਗ੍ਹਾ ’ਤੇ ਨਾਜਾਇਜ਼ ਉਸਾਰੀ ਕਰ ਰਹੇ ਹਨ। ਵਿਧਾਇਕ ਨੇ ਦੱਸਿਆ ਕਿ ਅੱਜ ਸ਼ਨਿਚਰਵਾਰ ਦਾ ਦਿਨ ਹੋਣ ਕਾਰਨ ਕਰੀਬ 50 ਤੋਂ ਵੱਧ ਮਜ਼ਦੂਰ ਮਿਸਤਰੀ ਧੜਾਧੜ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਉਸਾਰੀ ਕਰ ਰਹੇ ਸਨ ਅਤੇ ਜਦੋਂ ਉਹ ਪੁਲੀਸ ਨੂੰ ਲੈ ਕੇ ਮੌਕੇ ’ਤੇ ਪੁੱਜੇ ਤਾਂ ਉਹ ਸਾਰੇ ਭੱਜ ਗਏ। ਵਿਧਾਇਕ ਵੱਲੋਂ ਮੌਕੇ ’ਤੇ ਹੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਅਤੇ ਕਲਾਸ ਲਗਾਉਂਦਿਆਂ ਕਿਹਾ ਕਿ ਜੇ ਕੋਈ ਗਰੀਬ ਵਿਅਕਤੀ ਜਾਂ ਕਿਸਾਨ ਜੰਗਲਾਤ ਦਾ ਬੂਟਾ ਵੀ ਵੱਢ ਲਵੇ ਤਾਂ ਉਸ ਉੱਪਰ ਤੁਰੰਤ ਕਾਰਵਾਈ ਹੋ ਜਾਂਦੀ ਹੈ ਪਰ ਉਦਯੋਗਪਤੀ ਵਿਭਾਗ ਦੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰ ਰਹੇ ਹਨ। ਉਸ ਸਮੇਂ ਅਧਿਕਾਰੀ ਅੱਖਾਂ ਬੰਦ ਕਰ ਲੈਂਦੇ ਹਨ। ਸ੍ਰੀ ਦਿਆਲਪੁਰਾ ਨੇ ਕਿਹਾ ਕਿ ਵਿਭਾਗ ਦੀਆਂ ਜਮੀਨਾਂ ’ਤੇ ਨਾਜਾਇਜ਼ ਕਬਜ਼ੇ ਰੋਕਣਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਪਰ ਇਹ ਨਾਜਾਇਜ਼ ਉਸਾਰੀਆਂ ਕਿਤੇ ਨਾ ਕਿਤੇ ਸੰਕੇਤ ਦਿੰਦੀਆਂ ਹਨ ਕਿ ਸਭ ਕੁਝ ਮਿਲੀਭੁਗਤ ਨਾਲ ਹੋ ਰਿਹਾ ਹੈ। ਵਿਧਾਇਕ ਨੇ ਤੁਰੰਤ ਮੌਕੇ ’ਤੇ ਪੁਲੀਸ ਬੁਲਾ ਕੇ ਜੰਗਲਾਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਜੋ ਉਸਾਰੀ ਹੋਈ ਹੈ ਉਸ ਨੂੰ ਢਾਹਿਆ ਜਾਵੇ।
ਪਿਛਲੀਆਂ ਸਰਕਾਰਾਂ ਵਾਲੀਆਂ ਬੇਨਿਯਮੀਆ ਬਰਦਾਸ਼ਤ ਨਹੀਂ ਹੋਣਗੀਆਂ: ਦਿਆਲਪੁਰਾ
ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਉਨ੍ਹਾਂ ਅੱਜ ਮੌਕੇ ’ਤੇ ਆ ਕੇ ਦੇਖਿਆ ਕਿ ਇਸ ਫੈਕਟਰੀ ਦੇ ਗੰਦੇ ਪਾਣੀ ਦੀ ਨਿਕਾਸੀ ਜੰਗਲਾਤ ਵਿਭਾਗ ਦੀ ਜ਼ਮੀਨ ਵਿਚ ਕੀਤੀ ਹੋਈ ਹੈ ਅਤੇ ਉਸ ਵਿਚ ਲੱਗੇ ਦਰੱਖਤਾਂ ਨੂੰ ਨੁਕਸਾਨ ਪਹੁੰਚਾ ਕੇ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜੰਗਲਾਤ ਤੇ ਪ੍ਰਦੂਸ਼ਣ ਵਿਭਾਗ ਦੋਵੇਂ ਹੀ ਫੈਕਟਰੀ ਮਾਲਕਾਂ ਦੀ ਬੇਨਿਯਮੀਆਂ ਤੋਂ ਬੇਪ੍ਰਵਾਹ ਹੋਏ ਬੈਠੇ ਹਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਵਿਭਾਗ ਨੂੰ ਇਸ ਗੰਦੇ ਪਾਣੀ ਦੀ ਵੀਡੀਓ ਬਣਾ ਕੇ ਭੇਜ ਦਿੱਤੀ ਜਾਵੇਗੀ ਤਾਂ ਜੋ ਬਣਦੀ ਕਾਰਵਾਈ ਹੋ ਸਕੇ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਜੋ ਬੇਨਿਯਮੀਆਂ ਦੀ ਅਣਦੇਖੀ ਕਰਦੇ ਰਹੇ ਉਹ ਹੁਣ ਬਰਦਾਸ਼ਤ ਨਹੀਂ ਹੋਣਗੀਆਂ। ਇਸ ਲਈ ਸਬੰਧਤ ਅਧਿਕਾਰੀ ਆਪਣੀ ਡਿਊਟੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਨਹੀਂ ਤਾਂ ਉਨ੍ਹਾਂ ਖਿਲਾਫ਼ ਵੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।