ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਦਸੰਬਰ
ਸ਼ਹਿਰ ਦੇ ਬਾਹਰਵਾਰ ਵੱਗ ਰਹੀ ਡਰੇਨ (ਸੇਮ ਨਾਲੇ) ਦੀ ਪਟੜੀ ਨੇੜੇ ਪਰਵਾਸੀ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਜਾਰੀ ਹਨ। ਇਸ ਸਬੰਧੀ ਵਿਭਾਗ ਦੇ ਉੱਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਨੇ ਅਗਿਆਨਤਾ ਪ੍ਰਗਟਾਉਂਦੇ ਹੋਏ ਕਬਜ਼ਾਧਾਰੀਆਂ ਨੂੰ ਹਟਾਉਣ ਲਈ ਲੋਕਾਂ ਤੋਂ ਲਿਖਤੀ ਸ਼ਿਕਾਇਤ ਪੱਤਰ ਦੀ ਮੰਗ ਕੀਤੀ ਹੈ। ਸ਼ਹਿਰ ਤੋਂ ਪਿੰਡ ਮਲਕ ਨੂੰ ਜਾਂਦੀ ਸੜਕ ਅਤੇ ਲੁਧਿਆਣਾ ਮਾਰਗ ’ਤੇ ਵੱਗ ਰਹੀ ਡਰੇਨ ਦੀ ਪਟੜੀ ’ਤੇ ਬੀਤੇ ਕੁੱਝ ਵਰ੍ਹਿਆਂ ਤੋਂ ਵਿਭਾਗ ਦੀ ਨਾਲਾਇਕੀ ਕਾਰਨ ਪਰਵਾਸੀ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰਕੇ ਆਪਣੇ ਕਾਰੋਬਾਰ ਕਬਾੜ, ਬੀੜੀਆਂ, ਤੰਬਾਕੂ, ਚਾਹ, ਕਰਿਆਨਾ ਆਦਿ ਦੇ ਖੋਖੇ ਸਥਾਪਤ ਕਰ ਲਏ ਹਨ। ਇਨ੍ਹਾਂ ਲੋਕਾਂ ’ਤੇ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰੀ ਹੋਣ ਵਾਲੀਆਂ ਤਾਰਾਂ ਅਤੇ ਹੋਰ ਚੋਰੀ ਕੀਤਾ ਸਾਮਾਨ ਆਦਿ ਖਰੀਦਣ ਦੇ ਕੇਸ ਵੀ ਦਰਜ ਹਨ। ਮਲਕ ਰੋਡ ’ਤੇ ਡਰੇਨ ਵਿਭਾਗ ਦੀ ਜ਼ਮੀਨ ’ਤੇ ਬੈਠਾ ਕਬਾੜੀਆ ਵੱਡੀ ਮਾਤਰਾ ’ਚ ਕਬਾੜ ਦਾ ਕੰਮ ਚਲਾ ਕੇ ਲੱਖਾਂ ਰੁਪਏ ਕਮਾ ਰਿਹਾ ਹੈ। ਕੁਝ ਦਿਨ ਪਹਿਲਾਂ ਇਲਾਕੇ ਦੇ ਕਿਸਾਨਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਡੀਐੱਸਪੀ ਦਲਜੀਤ ਸਿੰਘ ਖੱਖ ਨੇ ਤਾਰਾਂ ਚੋਰੀ ਕਰਨ ਦਾ ਇੱਕ ਹੋਰ ਮਾਮਲਾ ਵੀ ਉਕਤ ਵਿਅਕਤੀ ਉਪਰ ਦਰਜ ਕੀਤਾ ਹੈ ਪਰ ਤਰਾਸਦੀ ਇਹ ਹੈ ਕਿ ਹਰ ਰੋਜ਼ ਡਰੇਨਾਂ ਦੀ ਪੈਰਵੀ ਕਰਨ ਵਾਲੇ ਵਿਭਾਗ ਦੇ ਉੱਚ ਅਧਿਕਾਰੀ ਆਪਣੇ ਵਿਭਾਗ ਦੀ ਜ਼ਮੀਨ ’ਤੇ ਹੋਏ ਕਬਜ਼ਿਆਂ ਤੋਂ ਅਣਜਾਣ ਹਨ।
ਇਸ ਬਾਰੇ ਐੱਸਡੀਓ ਰਵਪ੍ਰੀਤ ਸਿੰਘ ਨੇ ਆਖਿਆ ਕਿ ਜੇਕਰ ਲੋਕ ਲਿਖ ਕੇ ਦੇਣਗੇ ਤਾਂ ਅਸੀਂ ਜਗ੍ਹਾ ਵਿਹਲੀ ਕਰਵਾ ਲਵਾਂਗੇ। ਸਥਾਨਕ ਲੋਕ ਭਿੰਦਰ ਸਿੰਘ, ਸੁਖਪਾਲ ਸਿੰਘ, ਸਵਰਨ ਸਿੰਘ ਆਦਿ ਨੇ ਸਰਕਾਰ ਤੋਂ ਇਸ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ।