ਪੱਤਰ ਪ੍ਰੇਰਕ
ਮਾਛੀਵਾੜਾ, 13 ਅਪੈਰਲ
ਮਾਛੀਵਾੜਾ ਪੁਲੀਸ ਵਲੋਂ ਵੱਖ-ਵੱਖ ਵਾਰਦਾਤਾਂ ਵਿੱਚ ਸ਼ਾਮਲ ਗ੍ਰਿਫ਼ਤਾਰ ਕੀਤੇ ਰੇਤ ਮਾਫ਼ੀਏ ਦੇ ਸਰਗਨੇ ਗੁਰਿੰਦਰ ਸਿੰਘ ਉਰਫ਼ ਗਿੰਦਾ ਦੇ ਮਾਮਲੇ ’ਚ ਤਫ਼ਤੀਸ਼ ਨੂੰ ਅੱਗੇ ਵਧਾਉਂਦਿਆਂ ਹੋਰ ਪਰਤਾਂ ਖੋਲ੍ਹੀਆਂ ਜਾ ਰਹੀਆਂ ਹਨ। ਅੱਜ ਡੀਐੱਸਪੀ ਸਮਰਾਲਾ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਮਾਈਨਿੰਗ ਵਿਭਾਗ ਤੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੇ ਸਤਲੁਜ ਦਰਿਆ ’ਤੇ ਜਾ ਕੇ ਉਨ੍ਹਾਂ ਸਥਾਨਾਂ ਦਾ ਜਾਇਜ਼ਾ ਲਿਆ, ਜਿੱਥੇ ਗੁਰਿੰਦਰ ਸਿੰਘ ਉਰਫ਼ ਗਿੰਦਾ ਆਪਣੇ ਸਾਥੀਆਂ ਨਾਲ ਮਿਲ ਕੇ ਨਾਜਾਇਜ਼ ਮਾਈਨਿੰਗ ਕਰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਨੇ ਦੱਸਿਆ ਕਿ ਅੱਜ ਟੀਮਾਂ ਨੂੰ ਨਾਲ ਲੈ ਕੇ ਸਤਲੁਜ ਦਰਿਆ ਦਾ ਪਿੰਡ ਹਾਦੀਵਾਲ ਜੋ ਕਿ ਥਾਣਾ ਕੂੰਮਕਲਾਂ ਅਧੀਨ ਪੈਂਦਾ ਅਤੇ ਪਿੰਡ ਸਮਸ਼ਪੁਰ ਜੋ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦਾ ਜਾਇਜ਼ਾ ਲਿਆ ਗਿਆ, ਜਿੱਥੇ ਰੇਤ ਮਾਫ਼ੀਆ ਦਾ ਸਰਗਨਾ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਮਾਈਨਿੰਗ ਕਰ ਰਿਹਾ ਸੀ। ਇਹ ਜਾਇਜ਼ਾ ਐਕਸੀਅਨ ਗੁਰਤੇਜ ਸਿੰਘ, ਮਾਈਨਿੰਗ ਅਫ਼ਸਰ ਹਰਜਿੰਦਰ ਸਿੰਘ ਤੇ ਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਡਰੋਨ ਨਾਲ ਲਿਆ ਗਿਆ। ਡੀਐੱਸਪੀ ਸਮਰਾਲਾ ਨੇ ਦੱਸਿਆ ਕਿ ਇਹ ਸਾਰੇ ਅਧਿਕਾਰੀ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ 3 ਦਿਨਾਂ ਬਾਅਦ ਆਪਣੀ ਰਿਪੋਰਟ ਪੇਸ਼ ਕਰਨਗੇ, ਜਿਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਇਸ ਰੇਤ ਮਾਫ਼ੀਏ ਦੇ ਸਰਗਨੇ ਨੇ ਸਤਲੁਜ ਦਰਿਆ ਅੰਦਰ ਸਰਕਾਰ ਦੇ ਖਣਿਜ ਪਦਾਰਥਾਂ ਦਾ ਕਿੰਨਾ ਨੁਕਸਾਨ ਕੀਤਾ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗੁਰਿੰਦਰ ਸਿੰਘ ਗਿੰਦਾ ਨਾਲ ਉਸ ਦੇ 5 ਸਾਥੀ ਨਾਮਜ਼ਦ ਕੀਤੇ ਗਏ ਹਨ ਜੋ ਇਸ ਨਾਲ ਨਾਜਾਇਜ਼ ਮਾਈਨਿੰਗ ਤੇ ਹੋਰ ਵੱਖ-ਵੱਖ ਵਾਰਦਾਤਾਂ ਵਿਚ ਸ਼ਾਮਲ ਸਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਐੱਸਪੀ ਸਮਰਾਲਾ ਨੇ ਦੱਸਿਆ ਕਿ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਦੇ ਨਿਰਦੇਸ਼ ਹਨ ਕਿ ਇਸ ਮਾਮਲੇ ’ਚ ਪੂਰੀ ਛਾਣਬੀਣ ਕੀਤੀ ਜਾਵੇ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।