ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 5 ਅਕਤੂਬਰ
ਸਥਾਨਕ ਪੁਲੀਸ ਨੇ ਪਿਛਲੇ ਦੋ ਦਿਨਾਂ ਤੋਂ ਸਤਲੁਜ ਦਰਿਆ ਵਿੱਚੋਂ ਨਾਜਾਇਜ਼ ਮਾਈਨਿੰਗ ਕਰ ਕੇ ਆਉਣ ਵਾਲਿਆਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ ਜਿਸ ਤਹਿਤ ਇੱਕ ਦਿਨ ਪਹਿਲਾਂ ਹੀ ਦੋ ਟਰੈਕਟਰ-ਟਰਾਲੀਆਂ ਕਾਬੂ ਕਰ ਚਾਲਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ ਅਤੇ ਅੱਜ ਫਿਰ ਦੋ ਰੇਤੇ ਦੇ ਭਰੇ ਵਾਹਨ ਕਾਬੂ ਕੀਤੇ ਗਏ ਹਨ। ਥਾਣਾ ਮੁਖੀ ਡੀਐੱਸਪੀ ਮਾਨਵਜੀਤ ਸਿੱਧੂ ਨੇ ਦੱਸਿਆ ਕਿ ਪੁਲੀਸ ਪਾਰਟੀ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਦੋ ਟਰੈਕਟਰ-ਟਰਾਲੀ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰ ਮਾਛੀਵਾੜਾ ਵੱਲ ਨੂੰ ਆ ਰਹੇ ਹਨ। ਪੁਲੀਸ ਵੱਲੋਂ ਨਾਕਾਬੰਦੀ ਕਰ ਕੇ ਜਦੋਂ ਇਨ੍ਹਾਂ ਵਾਹਨਾਂ ਨੂੰ ਰੋਕਿਆ ਗਿਆ ਤਾਂ ਚਾਲਕ ਰੇਤੇ ਦੇ ਭਰੇ ਟਰੈਕਟਰ-ਟਰਾਲੀ ਛੱਡ ਕੇ ਫ਼ਰਾਰ ਹੋ ਗਏ। ਪੁਲੀਸ ਵੱਲੋਂ ਦੋਵੇਂ ਵਾਹਨ ਜ਼ਬਤ ਕਰ ਲਏ ਗਏ ਅਤੇ ਅਣਪਛਾਤੇ ਚਾਲਕਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ। ਥਾਣਾ ਮੁਖੀ ਅਨੁਸਾਰ ਟਰੈਕਟਰ-ਟਰਾਲੀਆਂ ਦੇ ਦਸਤਾਵੇਜ਼ਾਂ ਤੋਂ ਪਛਾਣ ਹੋਵੇਗੀ ਕਿ ਇਨ੍ਹਾਂ ਦੇ ਮਾਲਕ ਕੌਣ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਤਲੁਜ ਦਰਿਆ ’ਚ ਜਿਸ ਥਾਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਉਸਦੀ ਨਿਸ਼ਾਨਦੇਹੀ ਕਰ ਕੇ ਜ਼ਮੀਨ ਮਾਲਕਾਂ ਨੂੰ ਮਾਮਲੇ ’ਚ ਸ਼ਾਮਲ ਕੀਤਾ ਜਾਵੇਗਾ।