ਨਿੱਜੀ ਪੱਤਰ ਪ੍ਰੇਰਕ
ਖੰਨਾ, 24 ਨਵੰਬਰ
ਕਾਂਗਰਸ ਦੇ ਕਾਰਜਕਾਲ ਦੌਰਾਨ ਸ਼ਹਿਰ ’ਚ ਨਾਜਾਇਜ਼ ਕਲੋਨੀਆਂ ਤੋਂ ਬਾਅਦ ਨਾਜਾਇਜ਼ ਇਮਾਰਤਾਂ ਬਣਾਉਣ ਦਾ ਮੁੱਦਾ ਵੀ ਗਰਮਾਇਆ ਹੋਇਆ ਹੈ। ਨਾਜਾਇਜ਼ ਇਮਾਰਤ ਦੀ ਸ਼ਿਕਾਇਤ ਦੀ ਸੁਣਵਾਈ ਨਗਰ ਕੌਂਸਲ ਵੱਲੋਂ ਨਾ ਕਰਨ ’ਤੇ ਆਰਟੀਆਈ ਕਾਰਕੁਨ ਰਾਜ ਕੁਮਾਰ ਸ਼ਰਮਾ ਨੇ ਇਹ ਮਾਮਲਾ ਪੰਜਾਬ ਵਿਜੀਲੈਂਸ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਨੀਲ ਕੰਠ ਕੱਪੜੇ ਵਾਲੇ ਦੁਕਾਨ ਮਾਲਕਾਂ ਵੱਲੋਂ ਲਲਹੇੜੀ ਚੌਕ ਦੇ ਕੋਲ ਹਾਈਵੇਅ ’ਤੇ ਬਣਾਈ ਜਾ ਰਹੀ ਇਮਾਰਤ ਸਬੰਧੀ 28 ਸਤੰਬਰ ਨੂੰ ਨਗਰ ਕੌਂਸਲ ’ਚ ਸ਼ਿਕਾਇਤ ਕੀਤੀ ਸੀ, ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਮਾਰਤ ’ਤੇ ਮੰਤਰੀ, ਪ੍ਰਧਾਨ ਅਤੇ ਹੋਰ ਕਾਂਗਰਸੀਆਂ ਦੇ ਬੈਨਰ ਲਾ ਕੇ ਨਿਰਮਾਣ ਕੀਤਾ ਜਾ ਰਿਹਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਇਸੇ ਤਰ੍ਹਾਂ ਸ਼ਹਿਰ ਵਿਚ 60-70 ਹੋਰ ਇਮਾਰਤਾਂ ਦਾ ਨਾਜਾਇਜ਼ ਨਿਰਮਾਣ ਹੋ ਰਿਹਾ ਹੈ। ਇਸ ਨਾਲ ਕਰੋੜਾਂ ਰੁਪਏ ਦੀ ਸਰਕਾਰੀ ਫੀਸ ਦਾ ਚੂਨਾ ਕੌਂਸਲ ਨੂੰ ਲੱਗ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਕਾਰਵਾਈ ਕੀਤੀ ਜਾਵੇ। ਈਓ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਅਜਿਹਾ ਕੋਈ ਮਾਮਲਾ ਨਹੀਂ, ਜੇ ਕੋਈ ਨਾਜਾਇਜ਼ ਉਸਾਰੀ ਕੀਤੀ ਤਾਂ ਜਾਂਚ ਕਰਵਾਈ ਜਾਵੇਗੀ। ਇਮਾਰਤ ਦੇ ਮਾਲਕ ਵਿਕਾਸ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦੀ ਇਮਾਰਤ ਦੇ ਸਾਰੇ ਦਸਤਾਵੇਜ਼ ਪੂਰੇ ਹਨ। ਕਿਸੇ ਤਰ੍ਹਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਗਈ।