ਜੋਗਿੰਦਰ ਸਿੰਘ ਓਬਰਾਏ
ਖੰਨਾ, 3 ਅਪਰੈਲ
ਅੱਜ ਇਥੇ ਪ੍ਰਸਿੱਧ ਪੰਜਾਬੀ ਗਾਇਕ ਸਵ. ਸਰਦੂਲ ਸਿਕੰਦਰ ਦੇ ਪਰਿਵਾਰ ਵੱਲੋਂ ਕੁਝ ਲੋਕਾਂ ਤੋਂ ਉਨ੍ਹਾਂ ਦੇ ਨਾਂ ’ਤੇ ਨਾਜਾਇਜ਼ ਉਗਰਾਹੀ ਕੀਤੇ ਜਾਣ ਦੇ ਦੋਸ਼ ਲਾਏ ਗਏ ਹਨ। ਫ਼ਿਲਹਾਲ ਪਰਿਵਾਰ ਵੱਲੋਂ ਉਨ੍ਹਾਂ ਵਿਅਕਤੀਆਂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਨਾਮਵਰ ਗਾਇਕਾ ਤੇ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੇ ਕਿਹਾ ਕਿ ਜੇਕਰ ਉਹ ਲੋਕ ਅਜਿਹੀਆਂ ਹਰਕਤਾਂ ਤੋਂ ਬਾਜ ਨਾ ਆਏ ਤਾਂ ਜਲਦ ਹੀ ਉਨ੍ਹਾਂ ਦੀ ਪਹਿਚਾਣ ਮੀਡੀਆ ਤੇ ਸਮਾਜ ਸਾਹਮਣੇ ਰੱਖੀ ਜਾਵੇਗੀ। ਇਸ ਮੌਕੇ ਅਮਰ ਨੂਰੀ ਤੇ ਉਨ੍ਹਾਂ ਦੇ ਸਪੁੱਤਰ ਅਲਾਪ ਸਿਕੰਦਰ ਤੇ ਸਾਰੰਗ ਸਿਕੰਦਰ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਹਨ ਕਿ ਕੁਝ ਲੋਕ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਹਾਲਤ ਖ਼ਰਾਬ ਹੋਣ ਦੀ ਗੱਲ ਕਹਿ ਕੇ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੇ ਹਨ। ਨੂਰੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਕੋਲ ਲੋਕਾਂ ਤੋਂ ਕਮਾਇਆ ਹੋਇਆ ਪਿਆਰ ਹੈ, ਸਰਦੂਲ ਦੀ ਮੌਤ ਤੋਂ ਬਾਅਦ ਪੂਰੀ ਦੁਨੀਆਂ ਨੇ ਵੀ ਉਹ ਪਿਆਰ ਤੇ ਲਗਾਅ ਦੇਖਿਆ ਪਰ ਸ਼ਰਮ ਇਸ ਗੱਲ ਨੂੰ ਲੈ ਕੇ ਹੈ ਕਿ ਕੁਝ ਲੋਕ ਉਨ੍ਹਾਂ ਦੇ ਪਰਿਵਾਰ ’ਤੇ ਆਈ ਬਿਪਤਾ ਨੂੰ ਵੀ ਕੈਸ਼ ਕਰਨਾ ਚਾਹੁੰਦੇ ਹਨ। ਅਮਰ ਨੂਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਲੋਕਾਂ ਨੂੰ ਸਿਰੇ ਤੋਂ ਨਾਕਾਰ ਦੇਣ ਫ਼ਿਰ ਚਾਹੇ ਉਨ੍ਹਾਂ ਦਾ ਕੋਈ ਨਜ਼ਦੀਕੀ ਹੀ ਕਿਉਂ ਨਾ ਆਵੇ, ਕਿਸੇ ਨੂੰ ਇਕ ਪੈਸਾ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦੀ ਵਿੱਤੀ ਹਾਲਤ ਬਿਲਕੁਲ ਠੀਕ ਹੈ ਤੇ ਸਰਦੂਲ ਉਨ੍ਹਾਂ ਲਈ ਬਹੁਤ ਕੁਝ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ ’ਤੇ ਉਗਰਾਹੀ ਕਰਨ ਵਾਲਿਆਂ ਦੇ ਨਾਮ ਦਾ ਖੁਲਾਸਾ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।