ਗਗਨਦੀਪ ਅਰੋੜਾ
ਲੁਧਿਆਣਾ, 4 ਜੂਨ
ਸਨਅਤੀ ਸ਼ਹਿਰ ਕਹਿਣ ਨੂੰ ਤਾਂ ਸਮਾਰਟ ਸਿਟੀ ਬਣ ਗਿਆ ਹੈ, ਪਰ ਅਸਲ ਵਿੱਚ ਇੱਥੇ ਕੋਈ ਵੀ ਸੇਫਟੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੁਧਿਆਣਾ ਵਿੱਚ ਹੁਣ ਸਵਾ ਚਾਰ ਲੱਖ ਤੋਂ ਵੱਧ ਇਮਾਰਤਾਂ ਬਣ ਚੁੱਕੀਆਂ ਹਨ, ਪਰ ਇਨ੍ਹਾਂ ਵਿੱਚੋਂ ਸਿਰਫ਼ ਚਾਰ ਹਜ਼ਾਰ ਬਿਲਡਿੰਗ ਮਾਲਕਾਂ ਕੋਲੋਂ ਹੀ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਜਾਰੀ ਹੋਣ ਵਾਲੀ ਐੱਨਓਸੀ (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਹੈ। ਬਾਕੀ ਸਾਰੀਆਂ ਬਿਨਾਂ ਫਾਇਰ ਬ੍ਰਿਗੇਡ ਵਿਭਾਗ ਦੀ ਐਨਓਸੀ ਤੋਂ ਹੀ ਚੱਲ ਰਹੀਆਂ ਹਨ। ਸਵਾ ਚਾਰ ਲੱਖ ਬਿਲਡਿੰਗਾਂ ਵਿੱਚ ਰਿਹਾਇਸ਼ੀ, ਕਮਰਸ਼ੀਅਲ, ਵਪਾਰਕ ਤੇ ਸਨਅਤਾਂ ਦੀਆਂ ਬਿਲਡਿੰਗਾਂ ਸ਼ਾਮਲ ਹਨ। ਜਿਨ੍ਹਾਂ ਵਿੱਚੋਂ ਵਪਾਰਕ, ਸਨਅਤਾਂ ਤੇ ਕਮਰਸ਼ੀਅਲ ਬਿਲਡਿੰਗ ਮਾਲਕਾਂ ਨੂੰ ਐਨਓਸੀ ਲੈਣਾ ਬਹੁਤ ਜ਼ਰੂਰੀ ਹੈ। ਗਰਮੀ ਦੇ ਮੌਸਮ ਵਿੱਚ ਲੁਧਿਆਣਾ ਵਿੱਚ ਰੋਜ਼ਾਨਾ ਕਿਸੇ ਨਾ ਕਿਸੇ ਪਾਸੇ ਅੱਗ ਲੱਗਦੀ ਹੈ, ਜਦੋਂ ਵੀ ਬਿਲਡਿੰਗ ਵਿੱਚ ਅੱਗ ਲੱਗਦੀ ਹੈ ਤਾਂ ਉਥੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜਾ ਕੇ ਅੱਗ ਬੁਝਾਉਂਦੇ ਹਨ ਤਾਂ ਪਤਾ ਚਲਦਾ ਹੈ ਕਿ ਉਸ ਬਿਲਡਿੰਗ ਮਾਲਕ ਨੇ ਫਾਇਰ ਬ੍ਰਿਗੇਡ ਦੇ ਵਿਭਾਗ ਕੋਲੋਂ ਐਨਓਸੀ ਹੀ ਨਹੀ ਲਈ ਸੀ। ਜਿਸ ਕਾਰਨ ਉਸ ਬਿਲਡਿੰਗ ਵਿੱਚ ਅੱਗ ਤੋਂ ਬੱਚਣ ਲਈ ਕੋਈ ਵੀ ਪ੍ਰਬੰਧ ਨਹੀਂ ਕੀਤੇ ਹੁੰਦੇ। ਜਿਸ ਕਾਰਨ ਬਿਲਡਿੰਗ ਮਾਲਕ ਦਾ ਤਾਂ ਨੁਕਸਾਨ ਹੋ ਹੀ ਰਿਹਾ ਹੈ, ਨਾਲ ਹੀ ਅੱਗ ਬਝਾਉਣ ਵਿੱਚ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਬਾਵਜੂਦ ਫਾਇਰ ਬ੍ਰਿਗੇਡ ਵਿਭਾਗ ਨੇ ਅੱਜ ਤੱਕ ਲੁਧਿਆਣਾ ਵਿੱਚ ਕੋਈ ਸਖ਼ਤੀ ਨਹੀਂ ਵਰਤੀ। ਉਧਰ, ਐਨਓਸੀ ਨਾ ਲੈਣ ਦਾ ਇੱਕ ਵੱਡਾ ਕਾਰਨ ਹੈ ਬਿਲਡਿੰਗ ਦਾ ਨਕਸ਼ਾ ਨਾ ਪਾਸ ਕਰਵਾਉਣਾ ਹੈ। ਲੁਧਿਆਣਾ ਵਿੱਚ ਵੱਡੀ ਗਿਣਤੀ ਵਿੱਚ ਬਿਲਡਿੰਗ ਨਾਜਾਇਜ਼ ਤੌਰ ’ਤੇ ਬਿਨਾਂ ਨਕਸ਼ਾ ਪਾਸ ਕਰਵਾਏ ਬਣ ਰਹੀਆਂ ਹਨ। ਅਗਰ ਫਾਇਰ ਬ੍ਰਿਗੇਡ ਵਿਭਾਗ ਤੋਂ ਐਨਓਸੀ ਲੈਣੀ ਹੁੰਦੀ ਹੈ ਤਾਂ ਉਥੇ ਨਕਸ਼ੇ ਬਾਰੇ ਸਾਰੀ ਜਾਣਕਾਰੀ ਦੇਣੀ ਪੈਂਦੀ ਹੈ। ਇਸਦੇ ਨਾਲ ਹੀ ਇਹ ਦੱਸਣਾ ਪੈਂਦਾ ਹੈ ਕਿ ਬਿਲਡਿੰਗ ਵਿੱਚ ਕਿੰਨੀਆਂ ਮੰਜ਼ਲਾਂ ਪਾਸ ਹਨ। ਫਿਰ ਲੱਖਾਂ ਰੁਪਏ ਲਗਾ ਕੇ ਅੱਗ ਬੁਝਾਓ ਸਮਾਨ ਲਗਾਉਣਾ ਪੈਂਦਾ ਹੈ। ਫਿਰ ਫਾਇਰ ਬ੍ਰਿਗੇਡ ਮੁਲਾਜ਼ਮ ਮੌਕੇ ’ਤੇ ਜਾ ਕੇ ਜਾਂਚ ਕਰਦੇ ਹਨ। ਲੁਧਿਆਣਾ ਦੇ ਸਟੇਸ਼ਨ ਫਾਇਰ ਅਫ਼ਸਰ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਨ੍ਹਾਂ ਐਨਓਸੀ ਵਾਲੀਆਂ ਇਮਾਰਤਾਂ ਦੇ ਮਾਲਕਾਂ ਨੂੰ ਨੋਟਿਸ ਦੇਣੇ ਸ਼ੁਰੂ ਕਰ ਦਿੱਤੇ ਹਨ। ਜਿਸਦੀ ਸ਼ੁਰੂਆਤ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਟਿਊਸ਼ਨ ਮਾਰਕੀਟ ਵਿੱਚੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਦੀ ਐਨਓਸੀ ਲੈਣਾ ਲਾਜ਼ਮੀ ਹੈ।