ਪੱਤਰ ਪ੍ਰੇਰਕ
ਰਾਏਕੋਟ, 17 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਸੱਦੇ ’ਤੇ ਕਿਸਾਨ ਅਤੇ ਸਮਾਜ ਭਲਾਈ ਕਮੇਟੀ ਭੈਣੀ ਬੜਿੰਗ ਵਲੋਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਥੇਬੰਦਕ ਸਕੱਤਰ ਡਾ. ਗੁਰਚਰਨ ਸਿੰਘ ਬੜਿੰਗ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਅਤੇ ਕਾਰਪੋਰੇਟ ਅਡਾਨੀ ਤੇ ਅੰਬਾਨੀ ਦੇ ਬਣਾਏ ਪੁਤਲੇ ਫੂਕੇ ਗਏ। ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇ ਲਾਉਂਦੇ ਹੋਏ ਇਨ੍ਹਾਂ ਪੁਤਲਿਆਂ ਨੂੰ ਅਗਨ ਭੇਟ ਕੀਤਾ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਲਖੀਮਪੁਰ ਖੀਰੀ ਦੀ ਘਟਨਾ ਦੇ ਦੋਸ਼ੀਆਂ ਨੂੰ ਢੁਕਵੀਂ ਸਜ਼ਾ ਦੇ ਕੇ ਨਿਆਂ ਨਹੀਂ ਕੀਤਾ ਜਾਂਦਾ ਤੇ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਵਧ ਤੋਂ ਵੱਧ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਤਨ ਮਨ ਤੇ ਧਨ ਨਾਲ ਸ਼ਾਮਲ ਹੋਣ। ਇਸ ਮੌਕੇ ਮਨਜੀਤ ਸਿੰਘ ਬੁਟਾਹਰੀ ਦੇ ਕਵੀਸ਼ਰੀ ਜਥੇ ਨੇ ਅੰਦੋਲਨ ਦੀ ਚੜ੍ਹਦੀ ਕਲਾ ਲਈ ਕਵੀਸ਼ਰੀ ਦਾ ਰੰਗ ਬੰਨ੍ਹਿਆ। ਇਸ ਮੌਕੇ ਜਸਵਿੰਦਰ ਸਿੰਘ ਲਾਡੀ, ਹਰਜਿੰਦਰ ਸਿੰਘ ਬੜਿੰਗ, ਅਜਮੇਰ ਸਿੰਘ ਜੌਹਲ, ਅਮਰਜੀਤ ਸਿੰਘ, ਮੋਹਣ ਸਿੰਘ ਬੜਿੰਗ, ਨਿਰਮਲ ਸਿੰਘ ਰਾਏਕੋਟ, ਹਰਜਿੰਦਰ ਸਿੰਘ ਬੜਿੰਗ, ਅਜਮੇਰ ਸਿੰਘ ਬੜਿੰਗ, ਕੁਲਦੀਪ ਸਿੰਘ ਬੜਿੰਗ ਆਦਿ ਹਾਜ਼ਰ ਸਨ।