ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਅਕਤੂਬਰ
ਇੱਥੇ ਅੱਜ ਮਜ਼ਦੂਰ ਯੂਨੀਅਨ ਦੇ ਮੈਬਰਾਂ ਦੀ ਇੱਕਤਰਤਾ ਹੋਈ, ਜਿਸ ਵਿਚ ਜੱਥੇਬੰਦੀਆਂ ਵੱਲੋਂ ਜਨਤਕ ਲਾਮਬੰਦੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਯੂਨੀਅਨ ਵੱਲੋਂ 12 ਅਕਤੂਬਰ ਨੂੰ ਕਿਰਤ ਭਵਨ ਮੁਹਾਲੀ ਵਿੱਚ ਹੱਕੀ ਮੰਗਾਂ ਨੂੰ ਹੱਲ ਕਰਵਾਉਣ ਲਈ ਰੋਸ ਧਰਨੇ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਮਲਕੀਤ ਸਿੰਘ ਨੇ ਕਿਹਾ ਕਿ ਉਸਾਰੀ ਕਿਰਤੀਆਂ ਨੂੰ ਲਾਭ ਦੇਣ ਲਈ ਬਣਾਏ ਪੰਜਾਬ ਕੰਸਟਰੱਕਸ਼ਨ ਵੈਲਫੇਅਰ ਬੋਰਡ ਦੀ ਘਟੀਆ ਕਾਰਗੁਜ਼ਾਰੀ ਕਾਰਨ ਲਾਭਪਾਤਰੀਆਂ ਨੂੰ ਬਣਦੇ ਲਾਭ ਨਹੀਂ ਮਿਲ ਰਹੇ। ਕਿਰਤੀਆਂ ਨੇ 4 ਸਾਲਾਂ ਤੋਂ ਦਾਹ ਸੰਸਕਾਰ, ਵਜੀਫ਼ਾ, ਸ਼ਗਨ ਸਕੀਮ, ਮੈਡੀਕਲ, ਬਾਲੜੀ ਸਕੀਮ ਅਤੇ ਪੈਨਸ਼ਨ ਆਦਿ ਦੇ ਫਾਰਮ ਭਰੇ ਸਨ, ਪਰ ਵਿਭਾਗ ਦੇ ਅਧਿਕਾਰੀ ਕੋਈ ਸਪੱਸ਼ਟ ਜਵਾਬ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਵਾਰ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਹੋਇਆ। ਹਰਿੰਦਰ ਸਿੰਘ ਨੇ ਮੋਦੀ ਸਰਕਾਰ ਦੀ ਨਿਖੇਧੀ ਕੀਤੀ। ਇਸ ਮੌਕੇ ਅਮਰਿੰਦਰ ਸਿੰਘ, ਲਖਵਿੰਦਰ ਸਿੰਘ, ਨਾਜ਼ਰ ਸਿੰਘ, ਹਰਨੇਕ ਸਿੰਘ, ਕੁਲਵਿੰਦਰ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ ਹਾਜ਼ਰ ਸਨ।