ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਜੁਲਾਈ
ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ਪਲਾਜ਼ਾ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਵੱਲੋਂ ਹੋਰਨਾਂ ਭਰਾਤਰੀ ਜਥੇਬੰਦੀਆਂ ਅਤੇ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਦੇ ਸਹਿਯੋਗ ਨਾਲ ਦਿੱਤੇ ਜਾ ਰਹੇ ਇਸ ਧਰਨੇ ’ਚ ਆਦਿਵਾਸੀਆਂ ਦੇ ਹੱਕਾਂ ਬਾਰੇ 84 ਸਾਲਾ ਕਾਰਕੁਨ ਤੇ ਈਸਾਈ ਪਾਦਰੀ ਸਟੈਨ ਸਵਾਮੀ ਦੀ ਮੌਤ ਲਈ ਮੋਦੀ ਹਕੂਮਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਰਸੂਲਪੁਰ, ਸਤਨਾਮ ਸਿੰਘ ਮੋਰਕਰੀਮਾ, ਹਰਦੇਵ ਸਿੰਘ ਸੰਧੂ, ਸੂਬੇਦਾਰ ਦਵਿੰਦਰ ਸਿੰਘ ਸਵੱਦੀ, ਗੁਰਮਿੰਦਰ ਸਿੰਘ ਸੇਖੋਂ, ਜਸਬੀਰ ਸਿੰਘ ਗੁੜੇ ਆਦਿ ਨੇ ਕਿਹਾ ਕਿ ਸਵਾਮੀ ਨੂੰ ਐੱਨਆਈਏ ਨੇ ਪਿਛਲੇ ਸਾਲ ਅਕਤੂਬਰ ’ਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਦੋਂ ਤੋਂ ਹੀ ਉਹ ਜੇਲ੍ਹ ’ਚ ਬੰਦ ਸਨ। ਗੰਭੀਰ ਬੀਮਾਰੀਆਂ ਤੋਂ ਪੀੜਤ ਸਵਾਮੀ ਨੂੰ ਸਿਹਤ ਨਾਸਾਜ਼ ਹੋਣ ’ਤੇ ਹਾਈ ਕੋਰਟ ਦੇ ਹੁਕਮਾਂ ’ਤੇ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਕਿਸਾਨ ਆਗੂਆਂ ਨੇ ਸਵਾਮੀ ਦੀ ਮੌਤ ਲਈ ਮੋਦੀ ਹਕੂਮਤ ਤੇ ਜੇਲ੍ਹ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਨ੍ਹਾਂ ਸਮੇਂ ਸਿਰ ਇਲਾਜ ਮੁਹੱਈਆ ਨਹੀਂ ਕਰਵਾਇਆ। ਹੋਰ ਵੀ ਕਈ ਸਮਾਜਿਕ ਕਾਰਕੁਨ ਇਸੇ ਤਰ੍ਹਾਂ ਸਰਕਾਰ ਨੇ ਜੇਲ੍ਹਾਂ ’ਚ ਤੁੰਨੇ ਹੋਏ ਹਨ ਜਿਨ੍ਹਾਂ ਦੀ ਫੌਰੀ ਰਿਹਾਈ ਹੋਣੀ ਚਾਹੀਦੀ ਹੈ। ਧਰਨੇ ਦੇ ਪਹਿਲੇ ਸੈਸ਼ਨ ਦੌਰਾਨ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਦੇ ਕਲਾਕਾਰ ਰੁਪਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਧਾਲੀਵਾਲ ਨੇ ਕਿਰਤੀ ਕਾਮਿਆਂ ਦੇ ਜੀਵਨ ਸਬੰਧੀ ਵਾਰਾਂ ਤੇ ਕਵਿਤਾਵਾਂ ਪੇਸ਼ ਕੀਤੀਆਂ।
ਧਰਨੇ ਦੌਰਾਨ ਡੀਜ਼ਲ ਪੈਟਰੋਲ ਤੇ ਗੈਸ ਦੀਆਂ ਲੋਟੂ ਕੀਮਤਾਂ ਨੂੰ ਅਸਰਦਾਰ ਠੱਲ੍ਹ ਪਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਧਰਨੇ ਮੁਜ਼ਾਹਰੇ ਨਵੇਂ ਪ੍ਰੋਗਰਾਮ ਦੀ ਰੂਪ-ਰੇਖਾ ਅਤੇ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਾਰਲੀਮੈਂਟ ਅੱਗੇ ਕੀਤੇ ਜਾਣ ਵਾਲੇ ਜਨਤਕ ਐਕਸ਼ਨਾਂ ਦੀ ਲੜੀ ਬਾਰੇ ਵਿਸਥਾਰ ’ਚ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਆਗੂਆਂ ਨੇ ਸਾਂਝੇ ਤੌਰ ’ਤੇ ਮੋਰਚੇ ਦੇ ਸੱਦੇ ’ਤੇ 8 ਜੁਲਾਈ ਨੂੰ ਚੌਕੀਮਾਨ ਟੌਲ ਵਿੱਚ ਭਾਰੀ ਇਕੱਠ ਕਰਕੇ ਮਹਿੰਗਾਈ ਖ਼ਿਲਾਫ਼ ਰੋਹ ਭਰਪੂਰ ਮਾਰਚ ਕਰਨ ਦਾ ਫ਼ੈਸਲਾ ਕੀਤਾ। ਇਸੇ ਤਰ੍ਹਾਂ ਮੌਨਸੂਨ ਸੈਸ਼ਨ ’ਚ ਸੰਸਦ ਅੱਗੇ ਮੁਜ਼ਾਹਰੇ ਲਈ ਵੀ ਕਾਰਕੁਨ ਭੇਜਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਮਲਕੀਤ ਸਿੰਘ ਬੱਦੋਵਾਲ, ਬਲਵਿੰਦਰ ਸਿੰਘ ਹਾਂਸ, ਗੁਰਚਰਨ ਸਿੰਘ ਇਟਲੀ, ਰਘਬੀਰ ਸਿੰਘ ਮੋਰਕਰੀਮਾਂ, ਨਿਰਮਲ ਸਿੰਘ ਹਾਂਸ, ਹਰੀ ਸਿੰਘ ਚਚਰਾੜੀ ਆਦਿ ਹਾਜ਼ਰ ਸਨ।
ਦਿਲ ਦਾ ਦੌਰਾ ਪੈਣ ਕਾਰਨ ਮਿ੍ਰਤਕ ਕਿਸਾਨ ਨੂੰ ਸ਼ਰਧਾਂਜਲੀਆਂ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਪਿਛਲੇ ਦਿਨੀਂ ਨਵੀਂ ਦਿੱਲੀ ਨੇੜਲੇ ਟਿਕਰੀ ਬਾਰਡਰ ’ਤੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਸੁਖਵਿੰਦਰ ਸਿੰਘ ਬਿੰਦਰ ਨਮਿਤ ਸ਼ਰਧਾਂਜਲੀ ਸਮਾਗਮ ਤੇ ਅੰਤਮ ਅਰਦਾਸ ਉਸ ਦੇ ਜੱਦੀ ਪਿੰਡ ਕਾਉਂਕੇ ਕਲਾਂ ਵਿੱਚ ਹੋਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਕਈ ਕਿਸਾਨ ਆਗੂ ਪਹੁੰਚੇ ਅਤੇ 45 ਸਾਲਾ ਵਿਛੜੇ ਕਿਸਾਨ ਸਾਥੀ ਨੂੰ ਸ਼ਰਧਾਂਜਲੀ ਭੇਟ ਕੀਤੀ। ਯਾਦ ਰਹੇ ਸੁਖਵਿੰਦਰ ਸਿੰਘ ਚੌਵੀ ਜੂਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਟਿਕਰੀ ਬਾਰਡਰ ’ਤੇ ਹੀ ਸ਼ਹੀਦ ਹੋ ਗਿਆ ਸੀ। ਇਲਾਕੇ ਭਰ ’ਚੋਂ ਵੱਡੀ ਗਿਣਤੀ ਕਿਸਾਨ ਮਜ਼ਦੂਰ ਅੰਤਮ ਅਰਦਾਸ ’ਚ ਸ਼ਾਮਲ ਹੋਏ। ਅਰਦਾਸ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸਿਰਫ 45 ਸਾਲ ਦੀ ਉਮਰ ’ਚ ਆਪਣਾ ਜੀਵਨ ਕਿਸਾਨ ਲਹਿਰ ਦੇ ਲੇਖੇ ਲਾ ਜਾਣਾ ਦਸਾਂ ਗੁਰੂਆਂ ਦੀ ਵਿਰਾਸਤ ’ਤੇ ਪਹਿਰਾ ਦੇਣਾ ਹੈ। ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ’ਚ ਹੁਣ ਤਕ 550 ਤੋਂ ਉਪਰ ਕਿਸਾਨ ਮਜ਼ਦੂਰ ਜਾਨਾਂ ਕੁਰਬਾਨ ਕਰ ਚੁੱਕੇ ਹਨ ਅਤੇ ਫਿਰ ਵੀ ਕਿਸਾਨ ਸੰਘਰਸ਼ ਨਿਰਵਿਘਨ ਜਾਰੀ ਹੈ। ਉਨ੍ਹਾਂ ਕਿਹਾ ਕਿਸਾਨ ਅੰਦੋਲਨ ਚੜ੍ਹਦੀਕਲਾ ਵਿੱਚ ਹੈ ।