ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਜੁਲਾਈ
ਸੰਯੁਕਤ ਕਿਸਾਨ ਮੋਰਚੇ ਵੱਲੋਂ ਗਾਜ਼ੀਆਬਾਦ ਮੀਟਿੰਗ ਵਿੱਚ ਉਲੀਕੇ ਗਏ ਪ੍ਰੋਗਰਾਮ ਮੁਤਾਬਕ ਕਿਸਾਨੀ ਮੰਗਾਂ ਮਨਵਾਉਣ ਲਈ ਬੀਕੇਯੂ ਡਕੌਂਦਾ ਵੱਲੋਂ ਸੰਘਰਸ਼ ਲਈ ਜ਼ਿਲ੍ਹਾ ਪੱਧਰੀ ਵਿਉਂਤਬੰਦੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਮੰਗਾਂ ਸਬੰਧੀ 13 ਜੁਲਾਈ ਨੂੰ ਜਗਰਾਉਂ ਬਲਾਕ ਦੀਆਂ ਸਾਰੀਆਂ ਇਕਾਈਆਂ ਦੀ ਵਧਵੀਂ ਮੀਟਿੰਗ ਗੁਰਦੁਆਰਾ ਸ਼ਹੀਦਾਂ ਪਿੰਡ ਕਾਉਂਕੇ ਕਲਾਂ ਵਿਖੇ ਕੀਤੀ ਜਾਵੇਗੀ। ਇਸ ਮੌਕੇ ਜਥੇਬੰਦੀ ਦੇ ਸਾਬਕਾ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਪ੍ਰਸਿੱਧ ਅਰਥਸ਼ਾਸਤਰੀ ਤੇ ਖੇਤੀ ਮਾਹਿਰ ਡਾ. ਸੁਖਪਾਲ (ਪੀਏਯੂ) ਕਿਸਾਨੀ ਖੁਦਕਸ਼ੀਆਂ ਦੇ ਕਾਰਨ ਅਤੇ ਹੱਲ ਵਿਸ਼ੇ ’ਤੇ ਭਾਸ਼ਨ ਦੇਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿੱਚ ਮਹਿੰਦਰ ਸਿੰਘ ਕਮਾਲਪੁਰਾ ਤੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ 14 ਜੁਲਾਈ ਨੂੰ ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲ ਵਿਖੇ ਸਿੱਧਵਾਂ ਬੇਟ ਬਲਾਕ ਦੀਆਂ ਸਾਰੀਆਂ ਪਿੰਡ ਇਕਾਈਆਂ ਦੀ ਮੀਟਿੰਗ ਬਲਾਕ ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਕੀਤੀ ਜਾਵੇਗੀ। ਇਸੇ ਤਰ੍ਹਾਂ 16 ਜੁਲਾਈ ਨੂੰ ਹੰਬੜਾਂ ਬਲਾਕ ਦੀ ਵਿਸ਼ਾਲ ਮੀਟਿੰਗ ਗੁਰਦੁਆਰਾ ਸਾਹਿਬ ਪਿੰਡ ਹੰਬੜਾਂ ਵਿੱਚ ਸੁਖਵਿੰਦਰ ਸਿੰਘ ਹੰਬੜਾਂ ਦੀ ਅਗਵਾਈ ’ਚ ਹੋਵੇਗੀ। ਇਸ ਤੋਂ ਇਲਾਵਾ 17 ਅਗਸਤ ਨੂੰ ਜ਼ਿਲ੍ਹੇ ਭਰ ’ਚੋਂ ਸੈਂਕੜੇ ਕਿਸਾਨ 75 ਘੰਟੇ ਦੇ ਦੇਸ਼ ਪੱਧਰੀ ਰੋਸ ਧਰਨੇ ਲਈ ਲਖੀਮਪੁਰ ਖੀਰੀ ਪੰਹੁਚਣਗੇ। ਮੀਟਿੰਗ ’ਚ 10 ਜੁਲਾਈ ਨੂੰ ਮੱਤੇਵਾੜਾ ਜੰਗਲ ਬਚਾਉਣ ਲਈ ਉਥੇ ਹੋ ਰਹੀ ਵਿਸ਼ਾਲ ਰੈਲੀ ’ਚ ਬੀਕੇਯੂ ਵਲੋਂ ਜੋਰ ਸ਼ੋਰ ਨਾਲ ਸ਼ਿਰਕਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸਤਵੀਰ ਸਿੰਘ ਬੋਪਾਰਾਏ, ਤਾਰਾ ਸਿੰਘ ਅੱਚਰਵਾਲ, ਸੁਖਵਿੰਦਰ ਸਿੰਘ ਹੰਬੜਾਂ, ਬੇਅੰਤ ਸਿੰਘ ਬਾਣੀਏਵਾਲ, ਦੇਵਿੰਦਰ ਸਿੰਘ ਕਾਉਂਕੇ, ਧਰਮ ਸਿੰਘ ਸੂਜਾਪੁਰ, ਕਰਨੈਲ ਸਿੰਘ ਹੇਰਾਂ, ਸਾਧੂ ਸਿੰਘ ਮਾਣੂੰਕੇ, ਹਰਜੀਤ ਸਿੰਘ ਜਨੇਤਪੁਰਾ ਅਤੇ ਹਰਦੀਪ ਸਿੰਘ ਟੂਸੇ ਹਾਜ਼ਰ ਸਨ।