ਸੰਤੋਖ ਗਿੱਲ
ਗੁਰੂਸਰ ਸੁਧਾਰ, 14 ਮਈ
ਥਾਣਾ ਸੁਧਾਰ ਦੀ ਪੁਲੀਸ ਨੇ ਟਰੱਕ ਸਵਾਰ ਪਤੀ-ਪਤਨੀ ਨੂੰ ਇੱਕ ਕੁਇੰਟਲ ਭੁੱਕੀ ਚੂਰਾ ਅਤੇ ਦੋ ਕਿਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਕਿਰਨਦੀਪ ਕੌਰ ਨੇ ਦੱਸਿਆ ਕਿ ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਬੁਰਜ ਲਿੱਟਾਂ ਵਾਸੀ ਕਰਮਦੀਪ ਸਿੰਘ ਉਰਫ਼ ਰਿੰਕੂ ਪੁੱਤਰ ਗੁਰਦੇਵ ਸਿੰਘ ਪੁੱਤਰ ਸੋਹਣ ਸਿੰਘ ਅਤੇ ਉਸ ਦੀ ਪਤਨੀ ਅੰਮ੍ਰਿਤਪਾਲ ਕੌਰ 12 ਟਾਇਰਾਂ ਵਾਲੇ ਟਰਾਲੇ ਨੰਬਰ ਪੀ.ਬੀ 10 ਐੱਫ.ਐੱਫ 2502 ਰਾਹੀਂ ਝਾਰਖੰਡ ਤੋਂ ਲਿਆ ਕੇ ਧੜੱਲੇ ਨਾਲ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰ ਰਹੇ ਸਨ। ਉਹ ਪਿਛਲੇ ਇਕ ਸਾਲ ਤੋਂ ਕੋਲਾ-ਨੁਮਾ ਕਾਲੀ ਬੱਜਰੀ ਵਿੱਚ ਭੁੱਕੀ ਚੂਰਾ ਅਤੇ ਅਫ਼ੀਮ ਲੁਕੋ ਕੇ ਲਿਆ ਰਹੇ ਸਨ, ਜਿਨ੍ਹਾਂ ਨੂੰ ਸੂਹ ਦੇ ਅਧਾਰ ’ਤੇ ਅੱਜ ਕਾਬੂ ਕਰ ਲਿਆ ਗਿਆ।
ਥਾਣਾ ਮੁਖੀ ਕਿਰਨਦੀਪ ਕੌਰ ਅਨੁਸਾਰ ਉਨ੍ਹਾਂ ਨੇ ਖ਼ੁਦ ਪੁਲਸ ਪਾਰਟੀ ਸਮੇਤ ਹਲਵਾਰਾ ਤੋਂ ਪੱਖੋਵਾਲ ਮਾਰਗ ’ਤੇ ਕੈਲੇ ਚੌਕ ਵਿੱਚ ਨਾਕਾਬੰਦੀ ਕਰ ਕੇ ਉਕਤ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਇੱਕ ਕੁਇੰਟਲ ਭੁੱਕੀ ਅਤੇ 2 ਕਿਲੋ ਅਫ਼ੀਮ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਮੁਲਜ਼ਮ ਇਸ ਤਸਕਰੀ ਵਿੱਚ ਆਪਣੀ ਪਤਨੀ ਨੂੰ ਟਰੱਕ ’ਤੇ ਨਾਲ ਹੀ ਰੱਖਦਾ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਕੇ ਟਰੱਕ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਥਾਣਾ ਸੁਧਾਰ ’ਚ ਪਤੀ-ਪਤਨੀ ਖ਼ਿਲਾਫ਼ ਨਸ਼ਾ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।