ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 10 ਸਤੰਬਰ
ਵਿਦੇਸ਼ ਭੇਜਣ ਦੇ ਨਾਂ ਹੇਠ 50 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਦਾਖਾ ਪੁਲੀਸ ਨੇ ਲੁਧਿਆਣਾ ਵਾਸੀ ਪਤੀ ਅਤੇ ਪਤਨੀ ਨੂੰ ਧੋਖਾਧੜੀ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ। ਮੰਡੀ ਮੁੱਲਾਂਪੁਰ ਵਾਸੀ ਕੁਲਵੰਤ ਸਿੰਘ ਵੱਲੋਂ ਸਿਵਲ ਲਾਈਨ ਲੁਧਿਆਣਾ ਵਾਸੀ ਅਮਿਤ ਕੁਮਾਰ ਪੱਬੀ ਤੇ ਉਸ ਦੀ ਪਤਨੀ ਸੀਮਾ ਪੱਬੀ ਵਿਰੁੱਧ ਆਪਣੀ ਨੂੰਹ ਅਤੇ ਪੁੱਤਰ ਨੂੰ ਕੈਨੇਡਾ ਭੇਜਣ ਦਾ ਸਬਜ਼ਬਾਗ ਦਿਖਾ ਕੇ 50 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਸੀ। ਲੁਧਿਆਣਾ (ਦਿਹਾਤੀ) ਦੇ ਪੁਲੀਸ ਕਪਤਾਨ (ਜਾਂਚ) ਹਰਿੰਦਰਪਾਲ ਸਿੰਘ ਪਰਮਾਰ ਵੱਲੋਂ ਜਾਂਚ ਵਿਚ ਦੋਸ਼ਾਂ ਦੀ ਪੁਸ਼ਟੀ ਤੋਂ ਬਾਅਦ ਇਮੀਗਰੇਸ਼ਨ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।
ਮੰਡੀ ਮੁੱਲਾਂਪੁਰ ਵਾਸੀ ਕੁਲਵੰਤ ਸਿੰਘ ਨੇ ਇਹ ਵੀ ਦੋਸ਼ ਲਾਇਆ ਸੀ ਕਿ ਪਤੀ ਤੇ ਪਤਨੀ ਨੇ ਪੈਸੇ ਵਾਪਸ ਮੰਗਣ ’ਤੇ ਮੁੱਦਈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਇਆ ਵੀ ਸੀ। ਜਾਂਚ ਅਫ਼ਸਰ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਅਨੁਸਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਜ਼ਮੀਨ ਖ਼ਰੀਦ-ਫ਼ਰੋਖ਼ਤ ਧੋਖਾਧੜੀ ਮਾਮਲੇ ਵਿੱਚ ਵੀ ਤਿੰਨ ਨਾਮਜ਼ਦ
ਥਾਣਾ ਦਾਖਾ ਦੀ ਪੁਲੀਸ ਨੇ ਪਿੰਡ ਖ਼ੰਜਰਵਾਲ ਵਾਸੀ ਕੁਲਦੀਪ ਸਿੰਘ ਦੀ ਸ਼ਿਕਾਇਤ ਉੱਪਰ ਪਿੰਡ ਸਾਹਬਆਣਾ ਵਾਸੀ ਸੁਖਵਿੰਦਰ ਸਿੰਘ ਉਰਫ਼ ਅਮਰਿੰਦਰ ਸਿੰਘ ਉਰਫ਼ ਮਾਨਵ ਜੈਨ, ਗੁਰਮੇਲ ਸਿੰਘ ਅਤੇ ਪਿੰਡ ਸਵੱਦੀ ਵਾਸੀ ਕੁਲਵੰਤ ਸਿੰਘ ਖ਼ਿਲਾਫ਼ ਵੀ ਜ਼ਮੀਨ ਦੀ ਖ਼ਰੀਦ-ਫ਼ਰੋਖ਼ਤ ਦੇ ਮਾਮਲੇ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਵੀ ਲੁਧਿਆਣਾ (ਦਿਹਾਤੀ) ਪੁਲਿਸ ਕਪਤਾਨ (ਸਥਾਨਕ) ਵੱਲੋਂ ਸ਼ਿਕਾਇਤ ਵਿਚ ਲਾਏ ਦੋਸ਼ਾਂ ਦੀ ਪੁਸ਼ਟੀ ਬਾਅਦ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਫ਼ਸਰ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਅਨੁਸਾਰ ਮੁੱਦਈ ਤੋਂ 6 ਲੱਖ 20 ਹਜ਼ਾਰ ਰੁਪਏ ਹਾਸਲ ਕਰ ਕੇ ਜ਼ਮੀਨ ਖ਼ਰੀਦਣ ਦਾ ਇਕਰਾਰਨਾਮਾ ਕੀਤਾ ਸੀ, ਪਰ ਰਜਿਸਟਰੀ ਕਰਾਉਣ ਦੀ ਥਾਂ ਇਹ ਰਕਮ ਮੁਲਜ਼ਮਾਂ ਵੱਲੋਂ ਹੜੱਪ ਕਰ ਲਈ ਗਈ ਸੀ। ਇਸ ਮਾਮਲੇ ਵਿਚ ਵੀ ਪੁਲੀਸ ਮੁਲਜ਼ਮਾਂ ਦੀ ਭਾਲ ਵਿਚ ਜੁਟੀ ਹੈ।