ਗੁਰਿੰਦਰ ਸਿੰਘ
ਲੁਧਿਆਣਾ, 24 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸੈਂਕੜੇ ਕਿਸਾਨਾਂ ਨੇ ਸੜਕਾਂ ਤੇ ਉਤਰ ਕੇ ਅੱਜ ਦੇਸ਼ ਦੀਆਂ ਤਿੰਨ ਸੇਵਾਵਾਂ ਵਿੱਚ ਅਗਨੀਪਥ ਯੋਜਨਾ ਲਾਗੂ ਕਰਨ ਅਤੇ ਨੌਜਵਾਨਾਂ ਦੇ ਰੁਜ਼ਗਾਰ ਦਾ ਹੱਕ ਫ਼ੌਜ ’ਚੋਂ ਖੋਹੇ ਜਾਣ ਵਿਰੁੱਧ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਕੁਲਦੀਪ ਸਿੰਘ ਗੁਜਰਵਾਲ ਅਤੇ ਸਾਧੂ ਸਿੰਘ ਪੰਜੇਟਾ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਅਗਨੀਪਥ ਯੋਜਨਾ ਦਾ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ ਅਤੇ ਫੌਜ ਵਿੱਚ ਸਿਪਾਹੀ ਦੀਆਂ ਅਸਾਮੀਆਂ ਲਈ ਨੌਜਵਾਨਾਂ ਦੀ ਸਿੱਧੀ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਕੌਮੀ ਸੁਰੱਖਿਆ ਬਜਟ 17.8 ਫ਼ੀਸਦੀ ਤੋਂ ਘਟਾ ਕੇ 13.2 ਫ਼ੀਸਦੀ ਕਰਨਾ ਚਿੰਤਾ ਵਾਲੀ ਗੱਲ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਫੌਜ ਵਿੱਚ ਪਿਛਲੀਆਂ ਸਵਾ ਲੱਖ ਅਸਾਮੀਆਂ ਨੂੰ ਰੈਗੂਲਰ ਕੀਤਾ ਜਾਵੇ, ਜਿੱਥੇ ਭਰਤੀ ਪ੍ਰਕਿਰਿਆ ਪਹਿਲਾਂ ਸ਼ੁਰੂ ਹੋ ਚੁੱਕੀ ਸੀ, ਉਸਨੂੰ ਪੂਰਾ ਕਰਨ ਲਈ ਦੋ ਸਾਲ ਦੀ ਛੋਟ ਦਿੱਤੀ ਜਾਵੇ, ਅਗਨੀਪਥ ਵਿਰੋਧੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਨੌਜਵਾਨਾਂ ਵਿਰੁੱਧ ਦਰਜ ਕੀਤੇ ਸਾਰੇ ਝੂਠੇ ਕੇਸ ਵਾਪਸ ਲਏ ਜਾਣ, ਅੰਦੋਲਨਕਾਰੀਆਂ ਨੂੰ ਨੌਕਰੀਆਂ ਤੋਂ ਹਟਾਉਣ ਵਰਗੀਆਂ ਸ਼ਰਤਾਂ ਹਟਾਈਆਂ ਜਾਣ, ਸਰਕਾਰ ਵੱਲੋਂ ਸੈਨਾਵਾਂ ਦਾ ਨਿੱਜੀਕਰਨ ਕਰਨਾ ਰੱਦ ਕੀਤਾ ਜਾਵੇ ਅਤੇ ਮੁਲਕ ’ਚ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਵਾਲੀ ਦੇਸ਼ ਪੱਖੀ ਨੀਤੀ ਬਣਾਈ ਜਾਵੇ। ਕਿਸਾਨ ਆਗੂਆਂ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਜਗਤ ਸਿੰਘ ਲੀਲਾ ਅਤੇ ਗੁਰਪ੍ਰੀਤ ਸਿੰਘ ਨੂਰਪਰਾ ਨੇ ਕਿਹਾ ਕਿ ਕਾਰਪੋਰੇਟ ਜਗਤ ਨੂੰ ਫਾਇਦਾ ਪਹੁੰਚਾਉਣ ਲਈ ਸੰਸਾਰ ਬੈਂਕ ਤੇ ਡਬਲਯੂਟੀਓ ਦੀਆਂ ਜਨਤਕ ਅਦਾਰਿਆਂ ਦਾ ਨਿੱਜੀਕਰਨ ਵਾਲੀਆਂ ਨੀਤੀਆਂ ਰੱਦ ਕੀਤੀਆਂ ਜਾਣ।
ਜਨਤਕ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਗੁਰੂਸਰ ਸੁਧਾਰ (ਸੰਤੋਖ ਗਿੱਲ): ਅਗਨੀਪਥ ਯੋਜਨਾ ਵਿਰੋਧੀ ਫ਼ਰੰਟ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂਆਂ ਨੇ ਕਸਬਾ ਡੇਹਲੋਂ ਵਿਚ ਮੋਦੀ ਹਕੂਮਤ ਵਿਰੁੱਧ ਰੋਸ ਪ੍ਰਦਰਸ਼ਨ ਉਪਰੰਤ ਨਾਇਬ ਤਹਿਸੀਲਦਾਰ ਡੇਹਲੋਂ ਹਰਮਿੰਦਰ ਸਿੰਘ ਚੀਮਾ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਕਿਸਾਨ ਆਗੂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਬਲਦੇਵ ਸਿੰਘ ਧੂਰਕੋਟ ਨੇ ਕਿਹਾ ਕਿ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਮੋਦੀ ਸਰਕਾਰ ਹੁਣ ਦੇਸ਼ ਦੀ ਸੁਰੱਖਿਆ ਨੂੰ ਦਾਅ ’ਤੇ ਲਾਉਣ ਦੇ ਰਾਹ ਤੁਰ ਪਈ ਹੈ ਅਤੇ ਅਗਨੀਪਥ ਦੇ ਨਾ ’ਤੇ ਭਾਰਤੀ ਫ਼ੌਜ ਨੂੰ ਵੀ ਠੇਕੇ ’ਤੇ ਦੇਣਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਪੈਸੇ ਨਾਲ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਕਾਰਪੋਰੇਟ ਘਰਾਣਿਆਂ ਦੀ ਰਾਖੀ ਲਈ ਸੁਰੱਖਿਆ ਗਾਰਡ ਤਿਆਰ ਕਰਨਾ ਚਾਹੁੰਦੀ ਹੈ। ਇਸੇ ਦੌਰਾਨ ਗੁਰੂਸਰ ਸੁਧਾਰ, ਮੁੱਲਾਂਪੁਰ ਸਮੇਤ ਹੋਰ ਕਈ ਥਾਵਾਂ ’ਤੇ ਵੀ ਕਿਸਾਨ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤੇ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ।
ਅਗਨੀਪਥ ਯੋਜਨਾ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਾਰ
ਸਮਰਾਲਾ (ਡੀਪੀਐੱਸ ਬਤਰਾ): ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਪੰਜਾਬ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ 24 ਜੂਨ ਤੋਂ ‘ਅਗਨੀਵੀਰ ਸਕੀਮ’ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਨ ਦੇ ਐਲਾਨ ਪਿੱਛੋਂ ਇਸ ਦੇ ਵਿਰੋਧ ਵਜੋਂ ‘ਅਗਨੀਪੱਥ ਰੋਸ ਦਿਵਸ’ ਮਨਾਉਂਦੇ ਹੋਏ ਐੱਸਡੀਐੱਮ ਸਮਰਾਲਾ ਰਾਹੀਂ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਅੱਜ ਐੱਸਡੀਐੱਮ ਦਫਤਰ ਸਾਹਮਣੇ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਦਰਸ਼ਨ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ (ਖੋਸਾ), ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਬੀਕੇਯੂ (ਲੱਖੋਵਾਲ) ਆਦਿ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਆਗੂਆਂ ਨੇ ਆਪਣੇ ਸੰਬੋਧਨ ਵਿੱਚ ਦੇਸ਼, ਜਵਾਨ ਅਤੇ ਕਿਸਾਨ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀ ‘ਅਗਨੀਪਥ’ ਸਕੀਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਕੇਂਦਰੀ ਟਰੇਡ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਵੱਲੋਂ ਮੁਜ਼ਾਹਰਾ
ਲੁਧਿਆਣਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਵੱਖ-ਵੱਖ ਕੇਂਦਰੀ ਟਰੇਡ ਯੂਨੀਅਨਾਂ, ਸੁਤੰਤਰ ਸੈਕਟਰਲ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਵੱਲੋਂ ਦੇਸ਼ ਦੇ ਜਵਾਨਾਂ ਅਤੇ ਕਿਸਾਨ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਚਮਕੌਰ ਸਿੰਘ, ਰਘਬੀਰ ਸਿੰਘ ਬੈਨੀਪਾਲ, ਵਿਜੈ ਕੁਮਾਰ, ਰਮੇਸ਼ ਰਤਨ, ਪਰਮਜੀਤ ਸਿੰਘ, ਜਗਦੀਸ਼ ਚੰਦ, ਰਾਮ ਲਾਲ, ਹਨੂੰਮਾਨ ਪ੍ਰਸਾਦ ਦੂਬੇ ਆਦਿ ਨੇ ਮੰਗ ਕੀਤੀ ਕਿ ਅਗਨੀਪਥ ਯੋਜਨਾ ਨੂੰ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਅਗਨੀਪਥ ਯੋਜਨਾ ਦੇਸ਼, ਜਵਾਨਾਂ ਅਤੇ ਕਿਸਾਨਾਂ ਦੇ ਭਵਿੱਖ ਨਾਲ ਖਿਲਵਾੜ ਵਾਲੀ ਯੋਜਨਾ ਹੈ।