ਗੁਰਿੰਦਰ ਸਿੰਘ
ਲੁਧਿਆਣਾ, 17 ਜੁਲਾਈ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਅੱਜ ਉਹ ਵਕਤ ਤਕੜਾ ਹੁੰਗਾਰਾ ਮਿਲਿਆ ਜਦੋਂ ਵਾਰਡ ਨੰਬਰ 16 ਸਥਿਤ ਮੁਹੱਲਾ ਪ੍ਰੀਤ ਨਗਰ ਦੇ ਸਿਕਲੀਗਰ ਭਾਈਚਾਰੇ ਦੇ ਸੈਂਕੜੇ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਸ਼ਾਮਲ ਹੋ ਗਏ।
ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੀਏਸੀ ਮੈਂਬਰ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਸਿਕਲੀਗਰ ਭਾਈਚਾਰੇ ਦੇ ਬਲਦੇਵ ਸਿੰਘ, ਰੇਸ਼ਮ ਸਿੰਘ ਅਤੇ ਲਖਵੀਰ ਸਿੰਘ ਨੂੰ ਸਿਰੋਪੇ ਭੇਟ ਕਰਦੇ ਹੋਏ ਪਾਰਟੀ ਵਿੱਚ ਸ਼ਾਮਿਲ ਕੀਤਾ। ਆਗੂਆਂ ਨੇ ਕਿਹਾ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਤੋਂ ਦੁਖੀ ਹੋ ਚੁੱਕੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਸਿਕਲੀਗਰ ਭਾਈਚਾਰੇ ਲਈ ਕਰੋੜਾਂ ਰੁਪਏ ਦਾ ਬਜਟ ਪਾਸ ਕੀਤਾ ਜਾਂਦਾ ਹੈ ਪਰ ਇੱਕ ਨਿੱਕਾ ਪੈਸਾ ਵੀ ਉਨ੍ਹਾਂ ਨੂੰ ਨਹੀਂ ਦਿੱਤਾ ਜਾਂਦਾ। ਚੀਮਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਸਿੱਖ ਪੰਥ ਦੇ ਮਹਾਨ ਵਾਰਿਸ ਸਿਕਲੀਗਰ ਭਾਈਚਾਰੇ ਨੂੰ ਸੱਤਾ ਵਿੱਚ ਭਾਈਵਾਲ ਬਣਾਇਆ ਜਾਵੇਗਾ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਪ੍ਰੀਤ ਨਗਰ ਮੁਹੱਲੇ ਵਿੱਚੋਂ ਸਿਕਲੀਗਰ ਭਾਈਚਾਰੇ ਵਿੱਚੋਂ ਹੀ ਕਿਸੇ ਇੱਕ ਆਗੂ ਨੂੰ ਕੌਂਸਲਰ ਦੀਆਂ ਚੋਣਾਂ ਦੀ ਟਿਕਟ ਦਿੱਤੀ ਜਾਵੇਗੀ।