ਦੇਵਿੰਦਰ ਸਿੰਘ ਜੱਗੀ
ਪਾਇਲ, 21 ਜੁਲਾਈ
ਰਾੜਾ ਸਾਹਿਬ ਇਲਾਕੇ ਵਿੱਚ ਡਰੇਨ ਦੀ ਸਫਾਈ ਨਾ ਹੋਣ ਕਾਰਨ ਸੈਂਕੜੇ ਏਕੜ ਝੋਨੇ ਦੀ ਖੜ੍ਹੀ ਫਸਲ ਡੁੱਬ ਗਈ, ਜਿਸ ਕਾਰਨ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਬਲਾਕ ਦੋਰਾਹਾ ਦੇ ਕਨਵੀਨਰ ਪਰਮਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਰਾੜਾ ਸਾਹਿਬ ਵਿੱਚ ਡਰੇਨ ਦੀ ਸਫਾਈ ਨਾ ਹੋਣ ਕਾਰਨ ਡਰੇਨ ਬੰਦ ਹੋ ਗਈ ਤੇ ਉਸ ਦਾ ਪਾਣੀ ਟੁੱਟ ਕੇ ਕਿਸਾਨਾਂ ਦੇ ਖੇਤਾਂ ਵਿੱਚ ਆ ਗਿਆ। ਇਸ ਕਾਰਨ ਪਾਣੀ ਵਿੱਚ ਝੋਨੇ ਦੀ ਫ਼ਸਲ ਡੁੱਬ ਗਈ।
ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਡਰੇਨੇਜ ਵਿਭਾਗ ਦੀ ਅਣਗਹਿਲੀ ਦੇ ਕਾਰਨ ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਦੇ ਧਿਆਨ ‘ਚ ਇਹ ਮਸਲਾ ਲਿਆ ਦਿੱਤਾ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਡਰੇਨ ਦੀ ਸਫਾਈ ਕੀਤੀ ਜਾਵੇ। ਉਧਰ, ਡਰੇਨ ਵਿਭਾਗ ਦੇ ਜੇਈ ਰਾਜਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਡਰੇਨ ਦੀ ਸਫਾਈ ਕਰਾਉਣ ਦੀ ਜ਼ਿੰਮੇਵਾਰੀ ਲਈ ਅਤੇ ਇਹ ਮਾਮਲਾ ਐਕਸੀਅਨ ਦੇ ਧਿਆਨ ਵਿੱਚ ਵੀ ਲਿਆਂਦਾ। ਇਸ ਮੌਕੇ ਰਵਨਦੀਪ ਸਿੰਘ, ਹਰਜੀਤ ਸਿੰਘ, ਦਵਿੰਦਰ ਸਿੰਘ, ਤਰਲੋਚਨ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਆਜ਼ਾਦ ਸਿੰਘ ਘੋਲਾ, ਗਗਨਪਰੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ।