ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਦੀ ਅਗਵਾਈ ਹੇਠ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਅਤੇ ਮੇਅਰ ਬਲਕਾਰ ਸਿੰਘ ਸੰਧੂ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਹੈ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਨਗਰ ਨਿਗਮ ਨੂੰ ਕੀਤਾ ਗਿਆ 100 ਕਰੋੜ ਰੁਪਏ ਦਾ ਜੁਰਮਾਨਾ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਸਿਰ ਪਾਇਆ ਜਾਵੇ।
ਅਧਿਕਾਰੀਆਂ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਤਾਜਪੁਰ ਰੋਡ ਤੇ ਕੂੜੇ ਦੇ ਡੰਪ ਨੂੰ ਅੱਗ ਲੱਗ ਜਾਣ ਕਾਰਨ 7 ਵਿਅਕਤੀਆਂ ਦੀ ਮੌਤ ਦੀ ਘਟਨਾ ਲਈ ਨਗਰ ਨਿਗਮ ਨਹੀਂ ਬਲਕਿ ਇਸਦੇ ਕੁਝ ਅਫ਼ਸਰ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕੋਲ ਤਾਂ ਪਹਿਲਾਂ ਹੀ ਫੰਡਾਂ ਦੀ ਬਹੁਤ ਘਾਟ ਹੈ ਅਤੇ ਸ਼ਹਿਰ ਵਿੱਚ ਵਿਕਾਸ ਦੇ ਕੰਮ ਅਧੂਰੇ ਪਏ ਹਨ।
ਇਸ ਮੌਕੇ ਵਫ਼ਦ ਵਿੱਚ ਸ਼ਾਮਲ ਮੈਂਬਰਾਂ ਨੇ ਕਿਹਾ ਕਿ ਨਗਰ ਨਿਗਮ ਨੇ ਵਰਲਡ ਬੈਂਕ ਤੋਂ ਵਿਕਾਸ ਕੰਮਾਂ ਲਈ ਜਿਹੜਾ ਕਰਜ਼ਾ ਲਿਆ ਹੈ ਜਾਂ ਲੈ ਰਹੀ ਹੈ, ਨਗਰ ਨਿਗਮ ਉਸ ਕਰਜ਼ੇ ਨਾਲ ਜੇਕਰ ਜੁਰਮਾਨਾ ਹੀ ਭਰ ਦੇਵੇਗਾ ਤਾਂ ਆਮ ਲੋਕ ਜਿਹੜੇ ਵਿਕਾਸ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਉਹ ਹੋਰ ਪ੍ਰੇਸ਼ਾਨ ਹੋਣਗੇ।
ਉਨ੍ਹਾਂ ਮੰਗ ਕੀਤੀ ਕਿ ਹਰੇਕ ਵਾਰਡ ਨੂੰ ਵਿਕਾਸ ਲਈ ਜਿਹੜਾ ਫੰਡ ਦਿੱਤਾ ਜਾਂਦਾ ਹੈ, ਉਹ ਬਹੁਤ ਘੱਟ ਹੈ ਅਤੇ ਇਸ ਨਾਲ ਸ਼ਹਿਰ ਦੇ ਕਿਸੇ ਵੀ ਵਾਰਡ ਦਾ ਵਿਕਾਸ ਮੁਕੰਮਲ ਨਹੀਂ ਹੋ ਰਿਹਾ। ਇਸ ਲਈ ਇਹ ਫੰਡ ਦੁੱਗਣਾ ਕਰ ਦਿੱਤਾ ਜਾਵੇ ਤਾਂ ਕਿ ਵਿਕਾਸ ਕੰਮ ਸਹੀ ਢੰਗ ਨਾਲ ਨੇਪਰੇ ਚਾੜ੍ਹੇ ਜਾ ਸਕਣ। ਇਸ ਮੌਕੇ ਜਸਪਾਲ ਸਿੰਘ ਗਿਆਸਪੁਰਾ, ਵਿਜੇ ਦਾਨਵ, ਸੁਰਜੀਤ ਸਿੰਘ ਰਾਏ, ਪਰਮਜੀਤ ਸਿੰਘ ਗਰਚਾ, ਮਨਪ੍ਰੀਤ ਸਿੰਘ ਮੰਨਾ, ਨਿਰਮਲ ਸਿੰਘ ਐੱਸਐੱਸ, ਸਰਬਜੀਤ ਸਿੰਘ ਲਾਡੀ ਅਤੇ ਪ੍ਰੇਮ ਸ਼ਰਮਾ ਤੇ ਹੋਰ ਪਤਵੰਤੇ ਵੀ ਮੌਜੂਦ ਸਨ।