ਮਾਛੀਵਾੜਾ (ਪੱਤਰ ਪ੍ਰੇਰਕ): ਮਹਾਂਸ਼ਿਵਰਾਤਰੀ ਦਾ ਪਵਿੱਤਰ ਉਤਸਵ ਅੱਜ ਮਾਛੀਵਾੜਾ ਵਿੱਚ ਵੱਖ-ਵੱਖ ਮੰਦਰਾਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮਹਾਂਸ਼ਿਵਰਾਤਰੀ ਦੇ ਪਵਿੱਤਰ ਉਤਸਵ ਮੌਕੇ ਮਾਛੀਵਾੜਾ ਦੇ ਇਤਿਹਾਸਕ ਤੇ ਪੁਰਾਤਨ ਸ੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਰ ’ਚ ਅੱਜ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਸੈਲਾਬ ਹੀ ਉਮੜ ਪਿਆ। ਤੜਕੇ 4 ਵਜੇ ਸ਼ਰਧਾਲੂ ਪਵਿੱਤਰ ਸ਼ਿਵਲਿੰਗ ’ਤੇ ਜਲ ਚੜ੍ਹਾਉਣ ਅਤੇ ਪੂਜਾ ਅਰਚਨਾ ਕਰਨ ਲਈ ਕਤਾਰਾਂ ਵਿਚ ਖੜ੍ਹੇ ਹੋ ਗਏ ਤੇ ਦੇਰ ਸ਼ਾਮ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦਾ ਆਉਣਾ ਲੱਗਾ ਰਿਹਾ। ਮੰਦਰ ਵਿਚ ਆਏ ਸ਼ਰਧਾਲੂਆਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ। ਇਸ ਤੋਂ ਇਲਾਵਾ ਮਹਾਂਸ਼ਿਵਰਾਤਰੀ ਦੇ ਸਬੰਧ ’ਚ ਸ੍ਰੀ ਦੁਰਗਾ ਸ਼ਕਤੀ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਸ਼ਾਮਲ ਸ਼ਰਧਾਲੂ ਬਮ-ਬਮ ਭੋਲੇ ਦੇ ਜੈਕਾਰੇ ਲਗਾਉਂਦੇ ਭਗਵਾਨ ਸ਼ਿਵ ਦੀ ਅਰਾਧਨਾ ਕਰਦੇ ਦਿਖਾਈ ਦਿੱਤੇ। ਸ਼ੋਭਾ ਯਾਤਰਾ ਵਿਚ ਮੁੱਖ ਮਹਿਮਾਨ ਵਜੋਂ ਪੁਲੀਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਅਕਾਲੀ ਦਲ ਦੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਅਤੇ ਇੰਪਰਵੂਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ ਪੁੱਜੇ, ਜਿਨ੍ਹਾਂ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਸਾਬਕਾ ਪ੍ਰਧਾਨ ਦਲਜੀਤ ਸਿੰਘ ਗਿੱਲ, ਅਕਾਲੀ ਆਗੂ ਦਵਿੰਦਰ ਸਿੰਘ ਬਵੇਜਾ, ਐਡਵੋਕੇਟ ਕਪਿਲ ਆਨੰਦ, ਪਰਮਜੀਤ ਪੰਮੀ (ਦੋਵੇਂ ਕੌਂਸਲਰ), ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ, ਜੇ.ਪੀ. ਸਿੰਘ ਮੱਕੜ, ਡਾ. ਸੁਨੀਲ ਦੱਤ, ਅਰਵਿੰਦਰਪਾਲ ਸਿੰਘ ਵਿੱਕੀ, ਪ੍ਰਿੰਸ ਮਿੱਠੇਵਾਲ, ਪਰਮਿੰਦਰ ਤਿਵਾੜੀ, ਚੇਤਨ ਕੁਮਾਰ, ਕ੍ਰਿਸ਼ਨ ਲਾਲ ਕਪੂਰ, ਸੰਜੇ ਜੈਨ ਵੀ ਮੌਜੂਦ ਸਨ। ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੰਦ ਕਿਸ਼ੋਰ, ਉਪ ਪ੍ਰਧਾਨ ਰਜਿੰਦਰ ਵਰਮਾ, ਅਸ਼ਵਨੀ ਸ਼ਰਮਾ, ਸੋਨੂੰ ਸੇਠੀ, ਜਨਕਰਾਜ ਆਦਿ ਨੇ ਆਏ ਮਹਿਮਾਨਾਂ ਨੂੰ ਮਾਤਾ ਦੀਆਂ ਲਾਲ ਚੁੰਨੀਆਂ ਭੇਟ ਕਰਕੇ ਸਨਮਾਨਤ ਕੀਤਾ। ਸ਼ੋਭਾ ਯਾਤਰਾ ’ਚ ਸ਼ਾਮਲ ਭਜਨ ਮੰਡਲੀ ਅਤੇ ਸ਼ਰਧਾਲੂ ਔਰਤਾਂ ਵੱਲੋਂ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਅੱਜ ਸਾਰਾ ਹੀ ਸ਼ਹਿਰ ਹਰ ਹਰ ਮਹਾਂਦੇਵ ਤੇ ਬਮ ਬਮ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਹ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਮੰਦਰ ਵਿੱਚ ਆ ਕੇ ਹੀ ਸਮਾਪਤ ਹੋਈ। ਭਗਵਾਨ ਸ਼ਿਵ ਸ਼ੰਕਰ ਤੇ ਮਾਤਾ ਪਾਰਬਤੀ ਦੀ ਮੂਰਤੀ ਨੂੰ ਸੁੰਦਰ ਪਾਲਕੀ ਵਿਚ ਸ਼ੁਸ਼ੋਭਿਤ ਕਰਕੇ ਸ਼ਰਧਾਲੂਆਂ ਨੇ ਆਪਣੇ ਮੋਢਿਆਂ ਤੇ ਚੁੱਕ ਕੇ ਸ਼ਹਿਰ ਦੀ ਪਰਿਕਰਮਾ ਕੀਤੀ। ਸ਼ੋਭਾ ਯਾਤਰਾ ’ਚ ਭਗਵਾਨ ਸ਼ਿਵ ਸ਼ੰਕਰ ਤੇ ਮਾਤਾ ਪਾਰਬਤੀ ਦੇ ਜੀਵਨ ਨਾਲ ਸਬੰਧਤ ਸੁੰਦਰ ਝਾਕੀਆਂ ਸਜਾਈਆਂ ਗਈਆਂ।