ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਨਵੰਬਰ
ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਪ੍ਰਾਈਵੇਟ ਹਸਪਤਾਲ ਦੀ ਮਹਿਲਾ ਮੁਲਾਜ਼ਮ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਆਤਮ ਨਗਰ ਪਾਰਕ ਸਾਹਮਣੇ ਸਥਿਤ ਖਰੇ ਹਸਪਤਾਲ ਦੇ ਡਾ. ਅਵਤਾਰ ਸਿੰਘ ਖਰੇ ਨੇ ਦੱਸਿਆ ਹੈ ਕਿ ਅਨੂ ਬਾਲਾ ਉਨ੍ਹਾਂ ਦੇ ਹਸਪਤਾਲ ਵਿੱਚ ਰਿਸੈਪਸ਼ਨ ’ਤੇ ਕੰਮ ਕਰਦੀ ਸੀ। ਉਹ ਹਸਪਤਾਲ ਵਿੱਚ ਆਉਦੇ ਮਰੀਜ਼ਾਂ ਤੋਂ ਫੀਸ ਲੈ ਕੇ ਰਸੀਦ ਕੱਟਦੀ ਸੀ। ਉਹ ਮਰੀਜ਼ਾਂ ਤੋਂ 600 ਰੁਪਏ ਲੈ ਕੇ ਮਰੀਜ਼ਾਂ ਨੂੰ ਦੇਣ ਵਾਲੀ ਰਸੀਦ ’ਤੇ ਪੂਰੇ ਪੈਸੇ ਲਿਖਦੀ ਸੀ ਜਦੋਂਕਿ ਕਾਰਬਨ ਕਾਪੀ ’ਤੇ ਘੱਟ ਪੈਸੇ ਬਣਦੀ ਫੀਸ 300 ਰੁਪਏ ਲਿਖ ਦਿੰਦੀ ਸੀ। ਪਤਾ ਲੱਗਾ ਹੈ ਕਿ ਉਸ ਨੇ 2008 ਤੋਂ ਹੁਣ ਤੱਕ ਕਰੀਬ 35 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ।