ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 14 ਜੂਨ
ਇੱਥੇ ਮੈਨੀ ਹਸਪਤਾਲ ’ਚ ਦਾਖ਼ਲ 58 ਸਾਲਾ ਔਰਤ ਨੂੰ ਕਰੋਨਾ ਹੋਣ ਦੀ ਖ਼ਬਰ ਨੇ ਸਿਹਤ ਵਿਭਾਗ, ਪੁਲੀਸ ਅਤੇ ਸਿਵਲ ਪ੍ਰਸ਼ਾਸਨ ’ਚ ਵੱਡੀ ਹਿਲ-ਜੁਲ ਪੈਦਾ ਕਰ ਦਿੱਤੀ ਹੈ, ਪੁਲੀਸ ਨੇ ਸਬੰਧਤ ਹਸਪਤਾਲ ਨੂੰ ਜਾਂਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਪੀੜਤ ਔਰਤ ਦਿਆ ਨੰਦ ਹਸਪਤਾਲ ਲੁਧਿਆਣਾ ’ਚ ਜ਼ੇਰੇ-ਇਲਾਜ ਹੈ। ਇਸ ਸਬੰਧੀ ਕਰੋਨਾ ਵਾਰਡ ਦੇ ਮੁਖੀ ਡਾ. ਸੰਗੀਨਾ ਗੁਪਤਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਪਿਛਲੇ ਤਿੰਨ ਦਿਨ ਤੋਂ ਸ਼ਹਿਰ ਦੀ ਹੀ ਔਰਤ ਰੇਲਵੇ ਪੁਲ ਦੇ ਹੇਠਾਂ ਚੱਲ ਰਹੇ ਨਿੱਜੀ ਹਸਪਤਾਲ ’ਚ ਜ਼ੇਰੇ-ਇਲਾਜ ਸੀ। ਕੱਲ੍ਹ ਉਸ ਦੀ ਹਾਲਤ ਵਿਗੜਨ ’ਤੇ ਉਸ ਨੂੰ ਲੁਧਿਆਣੇ ਡੀਐੱਮਸੀ ਹਸਪਤਾਲ ਭੇਜ ਦਿੱਤਾ ਗਿਆ। ਉੱਥੇ ਜਦੋਂ ਉਸ ਦਾ ਕਰੋਨਾ ਟੈਸਟ ਕੀਤਾ ਗਿਆ ਤਾਂ ਖੁਲਾਸਾ ਹੋਇਆ ਕਿ ਬਿਮਾਰ ਔਰਤ ਕਰੋਨਾਗ੍ਰਸਤ ਹੈ ਪੀੜਤ ਔਰਤ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਨਿੱਜੀ ਹਸਪਤਾਲ ਦਾ ਸਾਰਾ ਅਮਲਾ ਜਿਸ ਦੀ ਗਿਣਤੀ 11 ਦੇ ਕਰੀਬ ਹੈ, ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਹਸਪਤਾਲ ਨੂੰ ਵੀ ਲੌਕ ਕਰ ਦਿੱਤਾ ਗਿਆ ਹੈ। ਕਰੋਨਾ ਅਮਲੇ ਅਨੁਸਾਰ 50 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਪੀੜਤ ਔਰਤ ਦਾ ਬੇਟਾ ਏਸੀ ਮਾਰਕੀਟ ਲੁਧਿਆਣੇ ’ਚ ਕੱਪੜੇ ਦਾ ਕਾਰੋਬਾਰ ਕਰਦਾ ਹੈ।