ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਅਕਤੂਬਰ
ਮਹਾਰਾਸ਼ਟਰ ਤੋਂ ਪੁੱਜੀ ਮਾਹਿਰਾਂ ਦੀ ਇੱਕ ਟੀਮ ਨੇ ਪੀਏਯੂ ਦਾ ਦੌਰਾ ਕੀਤਾ। ਟੀਮ ਵਿੱਚ ਮਹਾਰਾਸ਼ਟਰ ਬਾਗ਼ਬਾਨੀ ਵਿਭਾਗ ਦੇ ਨਿਰਦੇਸ਼ਕ ਡਾ. ਕੈਲਾਸ਼ ਮੋਟੇ, ਔਰੰਗਾਬਾਦ ਦੇ ਜ਼ਿਲ੍ਹਾ ਖੇਤੀ ਅਧਿਕਾਰੀ ਤੁਕਾ ਰਾਮ ਮੋਟੇ, ਬਾਗ਼ਬਾਨੀ ਮਾਹਿਰ ਡਾ. ਭਗਵਾਨ ਰਾਓ ਕਪਸੇ, ਬਾਗ਼ਬਾਨੀ ਦੇ ਤਕਨੀਕ ਅਧਿਕਾਰੀ ਵਸੰਤ ਬਿਨਵਾੜੇ ਆਦਿ ਸ਼ਾਮਲ ਸਨ। ਟੀਮ ਨੇ ਉੱਚ ਅਧਿਕਾਰੀਆਂ ਅਤੇ ਬਾਗਬਾਨੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਪੀਏਯੂ ਦੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਵਫ਼ਦ ਦਾ ਸਵਾਗਤ ਕੀਤਾ ਤੇ ਪੀਏਯੂ ਵੱਲੋਂ ਫ਼ਲਦਾਰ ਫ਼ਸਲਾਂ ਦੀ ਖੋਜ ਅਤੇ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਬਾਗ਼ਬਾਨੀ ਉਪ-ਨਿਰਦੇਸ਼ਕ ਡਾ. ਜਗਦੇਵ ਸਿੰਘ ਨੇ ਬਾਗਬਾਨੀ ਵਿਭਾਗ ਵੱਲੋਂ ਸੂਬੇ ਵਿੱਚ ਬਾਗ਼ਬਾਨੀ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਵਫ਼ਦ ਨੇ ਫ਼ਲ ਵਿਗਿਆਨ ਵਿਭਾਗ, ਸਬਜ਼ੀ ਵਿਗਿਆਨ ਵਿਭਾਗ ਅਤੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦਾ ਦੌਰਾ ਕੀਤਾ। ਇਹ ਵਫ਼ਦ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇਖਣ ਲਈ ਗਿਆ।