ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਮਾਰਚ
ਸਥਾਨਕ ਪਿੰਡ ਜੰਡਿਆਲੀ ਦੇ ਖੇਡ ਮੈਦਾਨ ਵਿੱਚ ਘੋੜਿਆਂ ਦਾ ਤਿੰਨ ਰੋਜ਼ਾ ਮੇਲਾ ਲਾਇਆ ਗਿਆ। ਇਸ ਵਿੱਚ ਸਿਰਫ਼ ਪੰਜਾਬ ਤੋਂ ਹੀ ਨਹੀਂ ਸਗੋਂ ਦੇਸ਼ ਹੋਰਨਾਂ ਸੂਬਿਆਂ ਤੋਂ ਵੀ ਪਾਲਕ ਆਪੋ-ਆਪਣੇ ਘੋੜੇ ਲੈ ਕੇ ਪਹੁੰਚੇ। ਇਨ੍ਹਾਂ ਵਿੱਚੋਂ ਬਹੁਤੇ ਘੋੜਿਆਂ ਦੀ ਕੀਮਤ ਕਰੋੜਾਂ ਰੁਪਏ ਵਿੱਚ ਦੱਸੀ ਜਾ ਰਹੀ ਹੈ। ਇਸ ਮੇਲੇ ਦੇ ਅੱਜ ਆਖ਼ਰੀ ਦਿਨ ਲੈਲਾ ਨਾਂ ਦੀ ਨੀਲੀ ਘੋੜੀ ਉੱਚੇ ਕੱਦ ਕਰ ਕੇ ਖਿੱਚ ਦਾ ਕੇਂਦਰ ਬਣੀ ਰਹੀ।
ਸ਼ੌਕ ਦਾ ਕੋਈ ਮੁੱਲ ਲਈ ਕਹਾਵਤ ਉਸ ਸਮੇਂ ਸੱਚ ਹੁੰਦੀ ਲੱਗੀ ਜਦੋਂ ਜੰਡਿਆਲੀ ਦੇ ਗਰਾਊਂਡ ਵਿੱਚ ਲੋਕ ਕਰੋੜਾਂ ਰੁਪਏ ਦੀ ਕੀਮਤ ਦੇ ਘੋੜੇ/ ਘੋੜੀਆਂ ਲੈ ਕੇ ਪਹੁੰਚੇ। ਹਰਿਆਣਾ ਤੋਂ ਆਪਣੀ ਘੋੜੀ ਸਕੀਨਾ ਲੈ ਕੇ ਪਹੁੰਚੇ ਅਭਿਮਨੂ ਮਲਿਕ ਨੇ ਦੱਸਿਆ ਕਿ ਉਸ ਦੀ ਨੁਕਰੀ ਕਿਸਮ ਦੀ ਘੋੜੀ ਇਸ ਤੋਂ ਪਹਿਲਾਂ ਵੀ ਕਈ ਮੁਕਾਬਲੇ ਜਿੱਤ ਚੁੱਕੀ ਹੈ। ਪੰਜਾਬ ਵਿੱਚ ਉਹ ਪਹਿਲੀ ਵਾਰ ਆਏ ਹਨ। ਗੜ੍ਹਸ਼ੰਕਰ ਤੋਂ ਆਏ ਦੀਪਕ ਖੰਨਾ ਅਤੇ ਦਿੱਲੀ ਤੋਂ ਆਏ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘੋੜਿਆਂ ਨੂੰ ਬੱਚਿਆਂ ਦੀ ਤਰ੍ਹਾਂ ਪਾਲਦੇ ਹਨ। ਇਨ੍ਹਾਂ ਦੀ ਸੰਭਾਲ ’ਤੇ ਹੀ ਲੱਖਾਂ ਰੁਪਏ ਖ਼ਰਚ ਹੋ ਜਾਂਦੇ ਹਨ। ਭੁਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਕੀਮਤ ਅੱਗੋਂ ਪੈਦਾ ਹੁੰਦੇ ਬੱਚਿਆਂ ਅਤੇ ਪਰਿਵਾਰਕ ਪਿਛੋਕੜ ਨੂੰ ਦੇਖਣ ’ਤੇ ਹੀ ਮਿਲਦੀ ਹੈ। ਮਾਹਿਰ ਲੋਕ ਇਨ੍ਹਾਂ ਦੇ ਕੰਨਾਂ, ਚਾਲ, ਕੱਦ ਅਤੇ ਸਰੀਰ ਦੀ ਬਣਤਰ ਤੋਂ ਹੀ ਅਸਲੀ ਹੋਣ ਦੀ ਪਛਾਣ ਕਰ ਲੈਂਦੇ ਹਨ। ਇਨ੍ਹਾਂ ਜਾਨਵਰਾਂ ਦੀ ਕੀਮਤ 20-25 ਲੱਖ ਤੋਂ ਸ਼ੁਰੂ ਹੋ ਕਿ ਕਰੋੜਾਂ ਤੱਕ ਪਹੁੰਚ ਜਾਂਦੀ ਹੈ।
ਭਰੋਮਾਜਰਾ ਤੋਂ ਆਪਣੀ ਘੋੜੀ ਮੀਰਾਂ ਨਾਲ ਪਹੁੰਚੇ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਉਹ ਵੀ ਪਹਿਲੀ ਵਾਰ ਘੋੜਿਆਂ ਦੇ ਮੁਕਾਬਲੇ ਵਿੱਚ ਹਿੱਸਾ ਲੈਣ ਆਏ ਹਨ। ਉਨ੍ਹਾਂ ਦੱਸਿਆ ਕਿ ਮੀਰਾਂ ਦੇ ਦੋ ਖੁਰ ਕਾਲੇ ਅਤੇ ਦੋ ਚਿੱਟੇ ਹੋਣ ਕਰ ਕੇ ਲੋਕ ਆਕਰਸ਼ਿਤ ਹੋ ਰਹੇ ਹਨ। ਬਹਾਦਰ ਸਿੰਘ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਉਹ ਆਪਣੀ ਨੁਕਰੀ ਘੋੜੀ ਨੂਰ ਨਾਲ ਮੇਲੇ ਵਿੱਚ ਪਹੁੰਚਿਆ ਹੈ। ਇਸ ਮੇਲੇ ਵਿੱਚ ਪਾਇਲ ਤੋਂ ਆਏ ਜਗਦੀਸ਼ ਸਿੰਘ ਦੀ ਲੈਲਾ ਨਾਂ ਦੀ ਚੰਬੀ ਨੀਲੀ ਘੋੜੀ ਸਾਰਿਆਂ ਲਈ ਖਿੱਚ ਦਾ ਕੇਂਦਰ ਰਹੀ। ਇਸ ਦਾ ਕੱਦ 67 ਤੋਂ ਸਾਢੇ 68 ਇੰਚ ਤੱਕ ਦੱਸਿਆ ਜਾ ਰਿਹਾ ਸੀ। ਇਨ੍ਹਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਘੋੜੇ ਆਏ ਹੋਏ ਸਨ ਜਿਨ੍ਹਾਂ ਦੀ ਕੀਮਤ ਵੀ ਕਰੋੜਾਂ ਰੁਪਏ ਦੱਸੀ ਜਾ ਰਹੀ ਸੀ।