ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਅਗਸਤ
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਟੋਕੀਓ ਓਲੰਪਿਕ ’ਚ ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਕਾਂਸੀ ਦਾ ਤਗਮਾ ਹਾਸਲ ਕਰ ਕੇ ਨਵਾਂ ਇਤਿਹਾਸ ਬਣਾਇਆ ਹੈ ਜੋ ਟੀਮ ਦੇ ਸਾਰੇ ਖਿਡਾਰੀਆਂ ਦਾ ਤਾਲਮੇਲ ਤੇ ਵਿਸ਼ਵਾਸ ਦੀ ਜਿੱਤ ਦਾ ਨਤੀਜਾ ਹੈ।
ਉਹ ਅੱਜ ਇੱਥੇ ਅਕਾਲੀ ਆਗੂ ਤੇ ਬਾਬਾ ਨਾਮਦੇਵ ਫਾਊਂਡੇਸ਼ਨ ਦੇ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਦੀ ਅਗਵਾਈ ਹੇਠ ਕੀਤੇ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਵਾਰੀ ਟੀਮ ਦਾ ਨਿਸ਼ਾਨਾ ਸੋਨ ਤਗਮਾ ਸੀ ਪਰ ਜਦੋਂ ਸੈਮੀਫਾਈਨਲ ’ਚ ਹਾਰ ਗਏ ਤਾਂ ਟੀਮ ਦਾ ਸਾਰਾ ਧਿਆਨ ਕਾਂਸੀ ਦੇ ਤਗ਼ਮੇ ’ਤੇ ਕੇਂਦਰਿਤ ਹੋ ਗਿਆ।
ਹਾਕੀ ਟੀਮ ਦੇ ਕੈਪਟਨ ਨੇ ਕਿਹਾ ਕਿ ਟੀਮ ਨੂੰ ਕੋਚਾਂ, ਹੋਰ ਸਟਾਫ, ਹਾਕੀ ਇੰਡੀਆ ਅਤੇ ਸਰਕਾਰ ਨੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ। ਹੁਣ ਸਾਡਾ ਅਗਲਾ ਨਿਸ਼ਾਨਾ ਕਾਮਨਵੈਲਥ ਤੇ ਏਸ਼ੀਅਨ ਖੇਡਾਂ ਹਨ। ਇਸ ਸਮੇਂ ਉਨ੍ਹਾਂ ਦੀ ਮਾਤਾ ਮਨਜੀਤ ਕੌਰ, ਸੁਖਜਿੰਦਰ ਸਿੰਘ ਬਾਵਾ, ਸੰਨੀ ਵਰਮਾ, ਗੁਰਲਵਲੀਨ ਕੌਰ ਗਰਚਾ, ਕਿਰਨਜੀਤ ਕੌਰ, ਰਾਜਦੀਪ ਸਿੰਘ ਗਰਚਾ, ਸਤਵਿੰਦਰ ਸਿੰਘ ਅਤੇ ਰਵਿੰਦਰ ਕੁਮਾਰ ਵੀ ਹਾਜ਼ਰ ਸਨ।