ਸਤਵਿੰਦਰ ਬਸਰਾ
ਲੁਧਿਆਣਾ, 16 ਜੂਨ
ਕੌਮੀ ਪੱਧਰ ਤੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਸ਼ਾਨਦਾਰ ਕਾਰਗੁਜ਼ਾਰ ਦਿਖਾ ਕੇ ਪਰਤੇ ਬੱਚਿਆਂ ਦਾ ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਜਰਖੜ ਪੁੱਜਣ ’ਤੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਦਾਮ ਅਤੇ ਘਿਓ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਟੀਮ ਦੇ ਕੋਚ ਗੁਰਤੇਜ ਸਿੰਘ ਬੌੜਹਾਈ ਖੁਰਦ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸ਼ਹਿਰ ਬੇਰੀ ਝੱਜਰ ਵਿੱਚ ਹੋਈ ਕੌਮੀ ਪੱਧਰ ਦੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਜਰਖੜ ਅਕੈਡਮੀ ਨੇ ਪਹਿਲੀ ਵਾਰ ਵੱਖ-ਵੱਖ ਵਰਗਾਂ ਵਿੱਚ ਚਾਰ ਤਗਗੇ ਜਿੱਤ ਕੇ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਕੌਮੀ ਚੈਂਪੀਅਨਸ਼ਿਪ ਵਿੱਚ 200 ਦੇ ਕਰੀਬ ਮੁੱਕੇਬਾਜ਼ਾਂ ਨੇ ਵੱਖ ਵੱਖ ਵਰਗਾਂ ਵਿੱਚ ਹਿੱਸਾ ਲਿਆ। 45 ਕਿੱਲੋਗ੍ਰਾਮ ਵਰਗ ਵਿੱਚ ਜਰਖੜ ਮੁੱਕੇਬਾਜ਼ੀ ਅਕੈਡਮੀ ਦੀ ਅੰਜਲੀ ਗੁਪਤਾ ਨੇ ਸੋਨ ਤਗ਼ਮਾ ਹਾਸਲ ਕੀਤਾ ਜਦਕਿ ਮੁੰਡਿਆਂ ਦੇ ਵਰਗ ਵਿੱਚ ਸੁਖਜਿੰਦਰ ਸਿੰਘ ਜਰਖੜ ਨੇ 53 ਕਿਲੋ ਵਰਗ ਵਿੱਚ, ਹਰਜੋਤ ਸਿੰਘ ਜਰਖੜ ਨੇ 46 ਕਿਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ 49 ਕਿਲੋ ਵਰਗ ਵਿੱਚ ਤਨਵੀਰ ਸਿੰਘ ਜਰਖੜ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਜਰਖੜ ਅਕੈਡਮੀ ਦੇ ਬੱਚਿਆਂ ਨੇ ਪਹਿਲੀ ਵਾਰ ਕੌਮੀ ਪੱਧਰ ਦੇ ਇਸ ਮੁੱਕੇਬਾਜ਼ੀ ਮੁਕਾਬਲੇ ਵਿੱਚ ਹਿੱਸਾ ਲਿਆ ਸੀ, ਜਿੱਥੇ ਉਨ੍ਹਾਂ ਨੇ ਇਹ ਵਡਮੁੱਲੀ ਪ੍ਰਾਪਤੀ ਹਾਸਲ ਕੀਤੀ।
ਜਰਖੜ ਮੁੱਕੇਬਾਜ਼ੀ ਅਕੈਡਮੀ ਦੇ ਜੇਤੂ ਬੱਚਿਆਂ ਨੂੰ ਵਿਧਾਇਕ ਜਗਜੀਵਨ ਸਿੰਘ ਸੰਗੋਵਾਲ ਅਤੇ ਅਕੈਡਮੀ ਦੇ ਚੇਅਰਮੈਨ ਅਸ਼ੋਕ ਪਰਾਸ਼ਰ ਪੱਪੀ ਸ਼ਾਹਪੁਰੀਆ ਐਮਐਲਏ ਹਲਕਾ ਸੈਂਟਰ ਲੁਧਿਆਣਾ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਜਗਦੀਪ ਸਿੰਘ ਘੁੰਮਣ, ਡਾਇਰੈਕਟਰ ਪ੍ਰਿੰਸੀਪਲ ਬਲਵੰਤ ਸਿੰਘ ਚਕਰ , ਡਾਇਰੈਕਟਰ ਸਵਰਨ ਸਿੰਘ ਘੁੰਮਣ ਨੇ ਵਧਾਈ ਦਿੱਤੀ।