ਪੱਤਰ ਪ੍ਰੇਰਕ
ਜਗਰਾਉਂ, 16 ਅਗਸਤ
ਅਜ਼ਾਦੀ ਦਾ ‘ਅਮ੍ਰਿਤ ਮਹਾਉਤਸਵ’ ਪ੍ਰੋਗਰਾਮ ਤਹਿਤ ਮੰਡਲ ਪ੍ਰਸ਼ਾਸਨ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਸਨਮਾਨਿਤ ਕਰਨ ਲਈ ਉਪ-ਮੰਡਲ ਦਫਤਰ ’ਚ ਖਾਸ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਪ-ਮੰਡਲ ਮੈਜਿਸਟਰੇਟ ਵਿਕਾਸ ਹੀਰਾ ਨੇ ਆਖਿਆ ਕਿ ਅੱਜ ਜੋ ਭਾਰਤ ਦੇਸ਼ ਦੇ ਵਾਸੀ 75 ਵਰ੍ਹੇ ਪਹਿਲਾਂ ਮਿਲੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਇਹ ਅਜ਼ਾਦੀ ਸਾਨੂੰ ਸਨਮਾਨ ਯੋਗ ਸ਼ਖ਼ਸੀਅਤਾਂ ਨੇ ਆਪਣੀਆਂ ਜਾਨਾਂ ਵਾਰ ਕੇ ਲੈ ਕੇ ਦਿੱਤੀ ਹੈ,ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਪ੍ਰਾਣਾਂ ਦੀ ਅਹੂਤੀ ਦੇਣ ਵਾਲੇ ਸ਼ਹੀਦਾਂ ਨੂੰ ਨਤ-ਮਸਤਕ ਹੋਈਏ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਮਾਨ-ਸਨਮਾਨ ਦੇਈਏ। ਉਨ੍ਹਾਂ ਆਖਿਆ ਕਿ ਭਾਰਤ ਦੇਸ਼ ਨੂੰ ਅੰਗਰੇਜ਼ ਸਾਮਰਾਜ ਤੋਂ ਮੁੱਕਤ ਕਰਵਾਉਣ ਵਾਲੇ ਸ਼ਹੀਦਾਂ ਦੀ ਕੁਰਬਾਨੀ ਅਮੁੱਲ ਹੈ।