ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਸਤੰਬਰ
ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਧਿਆਪਕ ਦਿਵਸ ਵਜੋਂ ਸ਼ਹਿਰ ਦੇ ਵੱਖ ਵੱਖ ਸਕੂਲਾਂ/ਕਾਲਜਾਂ ਵਿੱਚ ਵੱਖ ਵੱਖ ਸਮਾਗਮ ਕਰਵਾ ਕੇ ਮਨਾਇਆ ਗਿਆ। ਇਸ ਮੌਕੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਡਾ. ਰਾਧਾ ਕ੍ਰਿਸ਼ਨਨ ਦੇ ਜੀਵਨ ਤੋਂ ਜਾਣੂੰ ਕਰਵਾਇਆ ਗਿਆ। ਇਸ ਦੌਰਾਨ ਜਿੱਥੇ ਕਈ ਸਕੂਲ ਪ੍ਰਬੰਧਕਾਂ ਨੇ ਅਧਿਆਪਕਾਂ ਦਾ ਸਨਮਾਨ ਕੀਤਾ, ਉੱਥੇ ਹੀ ਵਿਦਿਆਰਥੀਆਂ ਨੇ ਵੀ ਤੋਹਫੇ ਦੇ ਕੇ ਅਧਿਆਪਕਾਂ ਦਾ ਸਤਿਕਾਰ ਕੀਤਾ। ਇਸੇ ਤਹਿਤ ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਵਿੱਚ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਦੀ ਅਗਵਾਈ ਹੇਠ ਕੇਕ ਕੱਟ ਕੇ ਅਧਿਆਪਕ ਦਿਵਸ ਮਨਾਇਆ। ਜੀਜੀਐੱਨ ਪਬਲਿਕ ਸਕੂਲ ਰੋਜ਼ ਗਾਰਡਨ ਵਿੱਚ ਡਾ. ਐਸਪੀ ਸਿੰਘ ਦੀ ਪ੍ਰੇਰਨਾ ਅਤੇ ਪ੍ਰਿੰਸੀਪਲ ਗੁਨਮੀਤ ਕੌਰ ਦੀ ਅਗਵਾਈ ਵਿੱਚ ਅਧਿਆਪਕ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਐਵਰੈਸਟ ਪਬਲਿਕ ਸਕੂਲ ਵਿੱਚ ਨਿਰਦੇਸ਼ਕ ਰਾਜਿੰਦਰ ਸ਼ਰਮਾ ਦੀ ਅਗਵਾਈ ਵਿੱਚ ਕਰਵਾਏ ਸਮਾਗਮ ਦੌਰਾਨ ਅਧਿਆਪਕ ਦਿਵਸ ਦੀ ਮਹੱਤਤਾ ਅਤੇ ਪਿਛੋਕੜ ਤੋਂ ਜਾਣੂ ਕਰਵਾਇਆ ਗਿਆ। ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਕਰਵਾਏ ਸਮਾਗਮ ਦੌਰਾਨ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰ ਕਮਲਪ੍ਰੀਤ ਕੌਰ ਨੇ ਸਮੂਹ ਅਧਿਆਪਕਾਂ ਨੂੰ ਇਸ ਦਿਨ ਦੀਆਂ ਵਧਾਈਆਂ ਦੇਣ ਦੇ ਨਾਲ ਨਾਲ ਅਧਿਆਪਕਾਂ ਨੂੰ ਸਿਨੇਮਾ ਘਰ ਵਿੱਚ ਫਿਲਮ ਵੀ ਦਿਖਾਈ ਗਈ।
ਇਸੇ ਤਰ੍ਹਾਂ ਪ੍ਰਤਾਪ ਕਾਲਜ ਹੰਬੜਾਂ ਰੋਡ, ਸਰਕਾਰੀ ਹਾਈ ਸਕੂਲ ਬੀਲ੍ਹਾ, ਸਰਕਾਰੀ ਕਾਲਜ ਲੜਕੀਆਂ, ਟੈਗੋਰ ਪਬਲਿਕ ਸਕੂਲ, ਸੈਕਰਡ ਹਾਰਟ ਸਕੂਲ, ਬੀਆਰਐੱਸ ਨਗਰ, ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਵਿੱਚ ਵੀ ਸਮਾਗਮ ਕਰਵਾਇਆ ਗਿਆ।
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਇੱਥੋਂ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਵਿੱਚ ਅੱਜ ਕੌਮੀ ਅਧਿਆਪਕ ਦਿਵਸ ਮਨਾਇਆ ਗਿਆ। ਇਸ ਦੌਰਾਨ ਵਿਲੱਖਣ ਕਾਰਗੁਜ਼ਾਰੀ ਦਿਖਾਉਣ ਵਾਲੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਮੁੱਖ ਸਮਾਗਮ ਰੋਟਰੀ ਕਲੱਬ ਅਹਿਮਦਗੜ੍ਹ ਵੱਲੋਂ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਪੁਨੀਤ ਧਵਨ ਨੇ ਕੀਤੀ ਅਤੇ ਡਰਗ ਇੰਸਪੈਕਟਰ ਪ੍ਰਨੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸੇ ਤਰ੍ਹਾਂ ਵਿਕਟੋਰੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਡੀਏਵੀ ਆਦਰਸ਼ ਵਿਦਿਆਲਿਆ, ਗੁਰੂ ਨਾਨਕ ਕੰਨਿਆ ਮਹਾਵਿਦਿਆਲਿਆ ਤੇ ਗਰੀਨ ਵੈਲੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ ਅਧਿਆਪਕ ਦਿਵਸ ਮਨਾਇਆ ਗਿਆ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਸੌਂਦ ਨੇ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹਨ। ਇਸ ਮੌਕੇ ਬੀਪੀਈਓ ਆਸ਼ਾ ਰਾਣੀ, ਭੂਸ਼ਨ ਲਾਲ ਖੰਨਾ, ਸਟੇਟ ਐਵਾਰਡੀ ਨਿਸ਼ਾ ਰਾਣੀ, ਨਰਿੰਦਰ ਸਿੰਘ, ਸੁੱਖ ਰਾਮ ਵੀ ਹਾਜ਼ਰ ਸਨ। ਸਕੂਲ ਮੁਖੀ ਸਤਵੀਰ ਸਿੰਘ ਰੌਣੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਰਾਲਾ (ਪੱਤਰ ਪ੍ਰੇਰਕ): ਸੰਤ ਕਿਰਪਾਲ ਸਿੰਘ ਸੇਵਾ ਪੰਥੀ ਪਬਲਿਕ ਸਕੂਲ ਵਿੱਚ ਵੀ ਅੱਜ ਕੌਮੀ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਜਸਵੀਰ ਕੌਰ ਮਾਨ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਨੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕੀਤੀ। ਅਖੀਰ ਵਿੱਚ ਸਕੂਲ ਦੇ ਚੇਅਰਮੈਨ ਬਾਬਾ ਮੱਖਣ ਸਿੰਘ ਨੇ ਸਟਾਫ਼ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ।
ਵਿਧਾਇਕ ਭੋਲਾ ਨੇ 250 ਅਧਿਆਪਕ ਸਨਮਾਨੇ
ਲੁਧਿਆਣਾ (ਟਨਸ): ਅਧਿਆਪਕ ਦਿਵਸ ਮੌਕੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਆਪਣੇ ਹਲਕੇ ਵਿੱਚ ਕਰੀਬ 250 ਅਧਿਆਪਕਾਂ ਦਾ ਸਨਮਾਨ ਕੀਤਾ। ਉਨ੍ਹਾਂ ਵੱਲੋਂ 2011 ਤੋਂ ਇਹ ਸਨਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਭੋਲਾ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਇਸ ਮੌਕੇ ਸੁਨੀਲ ਮਹਿਤਾ, ਵਿਜੈ ਠਾਕੁਰ, ਮਨਪ੍ਰੀਤ ਸਿੰਘ ਗਿੱਲ, ਧਮਨਪ੍ਰੀਤ ਕੌਰ ਗਰੇਵਾਲ ਹਾਜ਼ਰ ਸਨ।
ਅਧਿਆਪਕ ਦਿਵਸ ਮੌਕੇ ਸਭਿਆਚਾਰਕ ਸਮਾਗਮ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਜੀਐੱਚਜੀ ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ ਵਿੱਚ ਅੱਜ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾਇਰੈਕਟਰ ਡਾ. ਐੱਸਕੇ ਨਾਇਕ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਨੇ ਇਸ ਦਿਨ ਦੀ ਮਹੱਤਤਾ ਦੱਸੀ। ਇਸ ਮੌਕੇ ਵਿਦਿਆਰਥਣਾਂ ਵੱਲੋਂ ਅਧਿਆਪਕਾਂ ਨੂੰ ਸਮਰਪਿਤ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ ਗਿਆ। ਇਸੇ ਤਰ੍ਹਾਂ ਖਾਲਸਾ ਕਾਲਜ ਫਾਰ ਵਿਮੈਨ ਅਤੇ ਜੀਐੱਚਜੀ ਹਰਿਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਸਿੱਧਵਾਂ ਖੁਰਦ ਵੱਲੋਂ ਵੀ ਸਾਂਝੇ ਰੂਪ ’ਚ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਤੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਵਧਾਈ ਦਿੱਤੀ।