ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 11 ਅਕਤੂਬਰ
ਕੌਮਾਂਤਰੀ ਬਾਲੜੀ ਦਿਵਸ ਮੌਕੇ ਸਥਾਨਕ ਸ਼ਹਿਰ ਅਤੇ ਲਾਗਲੇ ਪਿੰਡਾਂ ਦੇ ਵਿਦਿਅਕ ਅਦਾਰਿਆਂ ਵਿੱਚ ਸਮਾਗਮ ਕਰਵਾਏ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਛੀਨ , ਵਿਕਟੋਰੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਅਤੇ ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ ਸਮਾਗਮਾਂ ਦੌਰਾਨ ਰੋਟਰੀ ਕਲੱਬ ਅਹਿਮਦਗੜ੍ਹ ਦੇ ਪ੍ਰਧਾਨ ਡਾ. ਪੁਨੀਤ ਧਵਨ ਦੀ ਅਗਵਾਈ ਵਿੱਚ ਸਮਾਜ ਸੇਵੀ ਸੰਗਠਨਾਂ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਆਪਣੇ ਆਪਣੇ ਖੇਤਰ ਦੀਆਂ ਬਾਲੜੀਆਂ ਨੂੰ ਰਾਸ਼ਟਰੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਲਈ ਪ੍ਰੋਗਰਾਮ ਲਾਗੂ ਕੀਤੇ ਜਾਣਗੇ। ਐੱਸਡੀਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ, ਐੱਸਡੀਐੱਮ ਅਹਿਮਦਗੜ੍ਹ ਹਰਬੰਸ ਸਿੰਘ, ਸੁਰਿੰਦਰ ਪਾਲ ਸੋਫਤ, ਬਿਪਨ ਸੇਠੀ, ਪ੍ਰਿੰਸੀਪਲ ਨਰਿੰਦਰ ਕੌਰ, ਪ੍ਰਿੰਸੀਪਲ ਵਿਨੇ ਗੋਇਲ ਅਤੇ ਨਰਿੰਦਰ ਸਿੰਘ ਨੇ ਆਪਣੇ ਭਾਸ਼ਣਾਂ ਦੌਰਾਨ ਸਦੀਆਂ ਤੱਕ ਚੱਲੇ ਲੜਕੇ ਅਤੇ ਲੜਕਿਆਂ ਵਿੱਚ ਭੇਦਭਾਵ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਵਿਸ਼ਵ ਪੱਧਰ ’ਤੇ ਕੀਤੇ ਗਏ ਅਧਿਐਨਾਂ ਤੋਂ ਇਹ ਸਾਬਤ ਹੋ ਚੁੱਕਿਆ ਹੈ ਕਿ ਜੇ ਲੜਕੇ ਤੇ ਲੜਕੀਆਂ ਨੂੰ ਇੱਕੋ ਜਿਹੇ ਮੌਕੇ ਦਿੱਤੇ ਜਾਣ ਤਾਂ ਬਾਲੜੀਆਂ ਵੀ ਕਿਸੇ ਪੱਖੋਂ ਘੱਟ ਨਹੀਂ ।