ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਜਨਵਰੀ
ਪੀਏਯੂ ਐਂਪਲਾਈਜ਼ ਯੂਨੀਅਨ ਅਤੇ ਪੀਏਯੂ ਕਲਾਸ ਫੋਰ ਵਰਕਰਸ ਯੂਨੀਅਨ ਵੱਲੋਂ ਪੀਏਯੂ ਦੇ ਵੀਟ ਐਡੀਟੋਰੀਅਮ ’ਚ ਸਰਦਾਰ ਕੇਹਰ ਸਿੰਘ ਰੂਪਾ ਫਾਇਨਾਂਸ਼ੀਅਲ ਐਵਾਰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੀਏਯੂ ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਅਤੇ ਪਸਾਰ ਸਿੱਖਿਆ ਨਿਰਦੇਸ਼ਕ ਡਾ. ਜਸਕਰਨ ਸਿੰਘ ਨੇ ਕੀਤੀ। ਇਸ ਮੌਕੇ ਕਾਂਗਰਸੀ ਆਗੂ ਚਰਨ ਸਿੰਘ ਗੁਰਮ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਯੂਨੀਅਨ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਦੱਸਿਆ ਕਿ ਪੀਏਯੂ ਐਂਪਲਾਈਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਟਰੇਡ ਯੂਨੀਅਨ ਆਗੂ ਰੂਪ ਸਿੰਘ ਰੂਪਾ ਨੇ ਆਪਣੇ ਪਿਤਾ ਕੇਹਰ ਸਿੰਘ ਦੀ ਯਾਦ ਵਿੱਚ ਇਹ ਐਵਾਰਡ 2005 ਵਿੱਚ ਸ਼ੁਰੂ ਕੀਤਾ ਸੀ। ਮੁੱਖ ਮਹਿਮਾਨ ਡਾ. ਕਪੂਰ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਹੁਤ ਘੱਟ ਲੋਕ ਹੁੰਦੇ ਹਨ, ਜੋ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹਨ। ਸਮਾਗਮ ਵਿੱਚ ਚਾਰ ਦਰਜਨ ਦੇ ਕਰੀਬ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।