ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੁਲਾਈ
ਪੰਜਾਬ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ ‘ਖੇਡ ਮੈਦਾਨ ਬੋਲਦਾ ਹੈ’ ਦੇ ਸਹਿਯੋਗ ਨਾਲ ਅੱਜ ‘ਅੰਤਰਰਾਸ਼ਟਰੀ ਖੇਡ ਪੱਤਰਕਾਰ ਦਿਵਸ’ ਮਨਾਇਆ ਗਿਆ। ਸਥਾਨਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਕੌਮਾਂਤਰੀ ਖੇਡ ਲੇਖਕ ਪ੍ਰਭਜੋਤ ਸਿੰਘ ਅਤੇ ਫੋਟੋ ਪੱਤਰਕਾਰ ਇੰਦਰਜੀਤ ਵਰਮਾ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਖੇਡ ਲੇਖਕ ਪ੍ਰਭਜੋਤ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ। 1980 ਮਾਸਕੋ ਓਲੰਪਿਕ ਦੇ ਜੇਤੂ ਹੀਰੋ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਆਖਿਆ ਕਿ ਖਿਡਾਰੀ ਤੇ ਖੇਡ ਪੱਤਰਕਾਰੀ ਵਿਚ ਇਕ ਨਹੁੰ ਮਾਸ ਦਾ ਰਿਸ਼ਤਾ ਹੈ। ਆਪਣੀ ਜ਼ਿੰਦਗੀ ਦਾ ਲੰਬਾ ਪੈਂਡਾ ਫੋਟੋ ਕਲਾਕਾਰੀ ਦੇ ਲੇਖੇ ਲਾਉਣ ਵਾਲੇ ਟ੍ਰਿਬਿਊਨ ਗਰੁੱਪ ਦੇ ਫੋਟੋਗ੍ਰਾਫਰ ਇੰਦਰਜੀਤ ਵਰਮਾ ਨੇ ਨੌਜਵਾਨ ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਨੂੰ ਖੇਡਾਂ ਅਤੇ ਖਿਡਾਰੀਆਂ ਵੱਲ ਵਧੇਰੇ ਤਵੱਜੋਂ ਦੇਣ ਦੀ ਤਜਵੀਜ਼ ਦਿੱਤੀ।