ਪੱਤਰ ਪੇ੍ਰਕ
ਸਮਰਾਲਾ, 6 ਅਕਤੂਬਰ
ਲੁਧਿਆਣਾ ਜ਼ਿਲ੍ਹੇ ਦਾ ਸਭ ਤੋਂ ਸਾਫ਼ ਸੁਥਰਾ ਪਿੰਡ ਹੋਣ ਤੇ ਬਲਾਕ ਸਮਰਾਲਾ ਦੇ ਪਿੰਡ ਉਟਾਲਾਂ ਨੂੰ ‘ਮੇਰਾ ਪਿੰਡ ਮੇਰੀ ਜ਼ਿੰਮੇਵਾਰੀ’ ਮੁਹਿੰਮ ਤਹਿਤ ਇਕ ਲੱਖ ਰੁਪਏ ਦੀ ਇਨਾਮ ਰਾਸ਼ੀ, ਸਨਮਾਨ ਚਿੰਨ੍ਹ ਅਤੇ ਪ੍ਰਮਾਣ ਪੱਤਰ ਮਿਲਿਆ। ਇਸ ਸਬੰਧੀ ਹੁਸ਼ਿਆਰਪੁਰ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ‘ਸਵੱਛ ਭਾਰਤ ਦਿਵਸ’ ਮੌਕੇ ਜੈਸਿਸ ਕੈਬਰਿਜ਼ ਸਕੂਲ ਦੇ ਆਡੀਟੋਰੀਅਮ ਵਿੱਚ ਸਮਾਗਮ ਹੋਇਆ। ਸਰਬਜੀਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਮਰਾਲਾ, ਹਰਜੀਤ ਸਿੰਘ ਪੰਚਾਇਤ ਅਫਸਰ, ਗੁਰਜੀਤਪਾਲ ਸਿੰਘ ਜੇਈ ਅਤੇ ਹਰਜੀਤ ਸਿੰਘ ਸਹਾਇਕ ਇੰਜਨੀਅਰ ਨੇ ਇਸ ਸਬੰਧੀ ਖੁਸ਼ੀ ਪ੍ਰਗਟਾਈ। ਸਨਮਾਨ ਲੈਣ ਉਪਰੰਤ ਪਿੰਡ ਉਟਾਲਾਂ ਦੇ ਸਰਪੰਚ ਪ੍ਰੇਮਵੀਰ ਸੱਦੀ ਨੇ ਦੱਸਿਆ ਕਿ ਪਿੰਡ ਵਿੱਚ ਤਰਲ ਅਤੇ ਠੋਸ ਕੂੜੇ ਦੇ ਨਿਪਟਾਰੇ ਲਈ ਪਲਾਂਟ ਲਗਾਇਆ ਗਿਆ ਹੈ। ਘਰ ਘਰ ਤੋਂ ਕੂੜਾ ਇਕੱਠਾ ਕਰਕੇ ਖਾਦ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ ਇਸ ਕੰਮ ਨੂੰ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਹੈ। ਪਿੰਡ ਦੇ ਹਰ ਘਰ ਵਿੱਚ ਪਖਾਨੇ ਬਣੇ ਹੋਣ ਕਾਰਨ ਪਿੰਡ ਨੂੰ ਖੁੱਲ੍ਹੇ ’ਚ ਸ਼ੋਚ ਮੁਕਤ ਦਾ ਦਰਜਾ ਵੀ ਹਾਸਲ ਹੈ। ਇਸ ਪ੍ਰਾਪਤੀ ਲਈ ਉਨ੍ਹਾਂ ਸਮੂਹ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ।