ਸਤਵਿੰਦਰ ਬਸਰਾ
ਲੁਧਿਆਣਾ, 28 ਮਾਰਚ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਮਨਾਏ ਜਾ ਰਹੇ ਰੰਗਾਂ ਦੇ ਤਿਉਹਾਰ ਹੋਲੀ ਸਬੰਧੀ ਅੱਜ ਲੋਕਾਂ ਨੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਜੰਮ ਕਿ ਖਰੀਦਦਾਰੀ ਕੀਤੀ। ਇੱਥੋਂ ਦੀਆਂ ਬਹੁਤੀਆਂ ਦੁਕਾਨਾਂ ’ਤੇ ਕੈਮੀਕਲ ਵਾਲੇ ਰੰਗਾਂ ਅਤੇ ਚੀਨੀ ਪਿਚਕਾਰੀਆਂ ਦੀ ਭਰਮਾਰ ਵੀ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਹਰਬਲ ਰੰਗਾਂ ਜਾਂ ਫੁੱਲਾਂ ਨਾਲ ਹੋਲੀ ਖੇਡਣ ਦੀ ਸਲਾਹ ਦਿੱਤੀ ਹੈ। ਇਸ ਵਾਰ ਕਰੋਨਾ ਮਹਾਮਾਰੀ ਕਰ ਕੇ ਭਾਵੇਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਵਿਡ-19 ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਸੁਨੇਹੇ ਦਿੱਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਅੱਜ ਲੁਧਿਆਣਾ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਲੋਕਾਂ ਨੇ ਜੰਮ ਕਿ ਰੰਗਾਂ ਅਤੇ ਪਿਚਕਾਰੀਆਂ ਦੀ ਖਰੀਦਦਾਰੀ ਕੀਤੀ ਹੈ। ਕਈ ਦੁਕਾਨਦਾਰਾਂ ਨੇ ਦੱਸਿਆ ਕਿ ਕਰੋਨਾ ਕਰਕੇ ਭਾਵੇਂ ਇਸ ਸਾਲ ਖਰੀਦਦਾਰੀ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੋਈ ਹੈ ਪਰ ਲੋਕਾਂ ਵਿੱਚ ਉਤਸ਼ਾਹ ਦੀ ਕੋਈ ਕਮੀ ਦਿਖਾਈ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਬਾਜ਼ਾਰ ਵਿੱਚ ਕਈ ਕੰਪਨੀਆਂ ਦੇ ਹਰਬਲ ਰੰਗ ਵੀ ਆਏ ਹੋਏ ਹਨ ਪਰ ਇਨ੍ਹਾਂ ਦੀ ਕੀਮਤ ਜ਼ਿਆਦਾ ਹੋਣ ਕਰਕੇ ਲੋਕਾਂ ਨੂੰ ਮਜਬੂਰ ਹੋ ਕੇ ਦੂਜੇ ਰੰਗ ਹੀ ਖਰੀਦਣੇ ਪੈ ਰਹੇ ਹਨ। ਕਰੋਨਾ ਮਹਾਮਾਰੀ ਕਰਕੇ ਇਸ ਵਾਰ ਚੀਨ ਅਤੇ ਹੋਰ ਦੇਸ਼ਾਂ ਤੋਂ ਪਿਚਕਾਰੀਆਂ ਅਤੇ ਰੰਗਾਂ ਦੀ ਆਮਦ ਘੱਟ ਹੋਈ ਹੈ, ਜਿਸ ਕਰਕੇ ਇਨ੍ਹਾਂ ਦੇ ਭਾਅ ਪਿਛਲੇ ਸਾਲ ਦੇ ਮੁਕਾਬਲੇ ਕਈ ਗੁਣਾਂ ਵਧ ਗਏ ਹਨ। ਸ਼ਹਿਰ ਦੇ ਚੌੜਾ ਬਾਜ਼ਾਰ, ਕਿਤਾਬ ਬਾਜ਼ਾਰ, ਸ਼ਿੰਗਾਰ ਸਿਨੇਮਾ ਰੋਡ, ਜਨਕ ਪੁਰੀ, ਘੁਮਾਰ ਮੰਡੀ, ਦਰੇਸੀ ਗਰਾਊਂਡ ਮਾਰਕੀਟ, ਕੋਚਰ ਮਾਰਕੀਟ, ਮਾਡਲ ਟਾਊਨ, ਕਿਪਸ ਮਾਰਕੀਟ ਆਦਿ ਥਾਵਾਂ ’ਤੇ ਦੁਕਾਨਦਾਰਾਂ ਨੇ ਦੁਕਾਨਾਂ ਬਾਹਰ ਵੱਖ ਵੱਖ ਤਰ੍ਹਾਂ ਦੇ ਰੰਗ ਅਤੇ ਹੋਰ ਸਾਮਾਨ ਸਜਾਇਆ ਹੋਇਆ ਸੀ।
ਦੂਜੇ ਪਾਸੇ ਡਾ. ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਹੋਲੀ ਮੌਕੇ ਆਉਂਦੇ ਰੰਗਾਂ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਹੁੰਦੇ ਹਨ, ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹੋਲੀ ਖੇਡਣ ਤੋਂ ਪਹਿਲਾਂ ਚਮੜੀ ’ਤੇ ਕੋਈ ਵੀ ਕਰੀਮ ਜਾਂ ਤੇਲ ਆਦਿ ਲਗਾ ਲੈਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਕੈਮੀਕਲ ਰੰਗਾਂ ਦਾ ਚਮੜ੍ਹੀ ’ਤੇ ਅਸਰ ਘੱਟ ਹੋ ਸਕੇ। ਚਮੜ੍ਹੀ ’ਤੇ ਲਾਲ ਧੱਭੇ ਪੈਣ, ਖਾਜ ਹੋਣ ਜਾਂ ਅੱਖਾਂ ਵਿੱਚ ਰੜਕ ਪੈਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਡਾ. ਸੇਠੀ ਨੇ ਲੋਕਾਂ ਨੂੰ ਕੈਮੀਕਲ ਰੰਗਾਂ ਦੀ ਥਾਂ ਜੜ੍ਹੀ ਬੂਟੀਆਂ ਤੋਂ ਬਣੇ ਰੰਗਾਂ ਜਾਂ ਫੁੱਲਾਂ ਨਾਲ ਹੋਲੀ ਖੇਡਣ ਨੂੰ ਤਰਜ਼ੀਹ ਦੇਣ ਦੀ ਅਪੀਲ ਕੀਤੀ।