ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 18 ਮਈ
ਸੂਬਾ ਸਰਕਾਰ ਵੱਲੋਂ ਹਾਲ ਹੀ ਵਿੱਚ ਬਿਜਲੀ ਚੋਰੀ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ਤਹਿਤ ਪਿੰਡ ਬੁਰਜ ਕੁਲਾਰਾ ਵਿੱਚ ਵਿਭਾਗ ਦੇ ਐੱਸਡੀਓ ਦੀ ਅਗਵਾਈ ਹੇਠ ਗਏ ਬਿਜਲੀ ਮੁਲਜ਼ਮਾਂ ਨੂੰ ਬੰਦੀ ਬਣਾਉਣ, ਦੁਰਵਿਹਾਰ ਕਰਨ ਤੋਂ ਭੜਕੇ ਮੁਲਾਜ਼ਮਾਂ ਨੇ ਲੱਖਾ ਡਿਵੀਜ਼ਨ ਵਿੱਚ ਧਰਨਾ ਦੇ ਕੇ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਐੱਸਡੀਓ ਕੁਲਦੀਪ ਕੁਮਾਰ, ਐੱਸਡੀਓ ਸ਼ਿੰਦਰਪਾਲ ਸਿੰਘ, ਬਲਵਿੰਦਰ ਸਿੰਘ ਸੱਤੋਵਾਲ, ਹਰਵਿੰਦਰ ਸਿੰਘ ਲਾਲੂ, ਤਰਲੋਚਨ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਨ੍ਹਾਂ ਦੀ ਟੀਮ ਸਰਕਾਰੀ ਹੁਕਮਾਂ ਤਹਿਤ ‘ਕੁੰਡੀ ਫੜੋ ਮੁਹਿੰਮ’ ਦੇ ਚਲਦਿਆਂ ਪਿੰਡ ਬੁਰਜ ਕੁਲਾਰਾ ਵਿੱਚ ਜਾਂਚ ਲਈ ਗਈ ਸੀ। ਉੱਥੇ ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਨਿਰਮਲ ਸਿੰਘ ਨੇ ਪਿੰਡ ਦੇ ਲੋਕਾਂ ਨੂੰ ਵਿਭਾਗ ਦੇ ਮੁਲਾਜ਼ਮਾਂ ਖ਼ਿਲਾਫ਼ ਭੜਕਾ ਕੇ ਇਕੱਠੇ ਕਰ ਲਿਆ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਮੁਲਾਜ਼ਮਾਂ ਦੀ ਘੇਰਾਬੰਦੀ ਕਰਕੇ ਬੰਦੀ ਬਣਾਉਣ ਉਪਰੰਤ ਉਨ੍ਹਾਂ ਨਾਲ ਬਦਸਲੂਕੀ ਕੀਤੀ। ਇਸ ਦੇ ਰੋਸ ਵੱਜ਼ੋਂ ਚਾਰ ਸਬ-ਡਿਵੀਜ਼ਨਾਂ ਲੱਖਾ, ਰੂੰਮੀ, ਬੱਸੀਆਂ ਅਤੇ ਰਾਏਕੋਟ ਦੇ ਮੁਲਜ਼ਮਾਂ ਨੇ ਅੱਜ ਲੱਖਾ ਵਿੱਚ ਸਾਂਝੀ ਗੇਟ ਰੈਲੀ ਕਰਕੇ ਇਸ ਘਟਨਾ ਨੂੰ ਘੜਨ ਵਾਲੇ ਅਤੇ ਅੰਜਾਮ ਦੇਣ ਵਾਲੇ ਲੋਕਾਂ ਜਿਨ੍ਹਾਂ ਦੀ ਅਗਵਾਈ ਨਿਰਮਲ ਸਿੰਘ ਨੇ ਕੀਤੀ ਖਿਲ਼ਾਫ ਤੁਰੰਤ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਰੈਲੀ ਨੂੰ ਕੇਸਰ ਸਿੰਘ, ਮਨਜੀਤ ਸਿੰਘ ਰੂਮੀ,ਦਲਬਾਰਾ ਸਿੰਘ ,ਅਮਨਦੀਪ ਸਿੰਘ ਸਮੇਤ ਦਰਜਰਨਾਂ ਆਗੂਆਂ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਤਾੜਨਾ ਕੀਤੀ ਕਿ ਪਿੰਡਾਂ ਵਿੱਚ ਜਾਣ ਸਮੇਂ ਉਨ੍ਹਾਂ ਨੂੰ ਪੁਲੀਸ ਸੁਰੱਖਿਆ ਦਿੱਤੀ ਜਾਵੇ ਅਤੇ ਅਜਿਹੀਆਂ ਘਟਨਾਵਾਂ ਨੂੰ ਅਮਲੀਜਾਮਾ ਪਹਿਨਾਉਣ ਵਾਲੇ ਮੁਲਜ਼ਮਾਂ ਖਿਲਾਫ ਸਖਤ ਰੁਖ਼ ਅਪਣਾਇਆ ਜਾਵੇ ।