ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਗਸਤ
ਜਰਖੜ ਹਾਕੀ ਅਕੈਡਮੀ ਵੱਲੋਂ ਕੌਮੀ ਹਾਕੀ ਖਿਡਾਰੀ ਧਰਮਿੰਦਰ ਸਿੰਘ ਮਨੀ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਨੂੰ ਸਮਰਪਿਤ ਜਰਖੜ ਹਾਕੀ ਸਟੇਡੀਅਮ ਵਿੱਚ 7-ਏ ਸਾਈਡ ਹਾਕੀ ਲੀਗ ਕਰਵਾਈ ਜਾ ਰਹੀ ਹੈ। ਇਸ ਲੀਗ ਦੇ ਖੇਡੇ ਗਏ ਸੈਮੀ ਫਾਈਨਲਾਂ ਵਿੱਚ ਜੇਤੂ ਰਹਿ ਕੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਗਿੱਲ ਕਲੱਬ ਘਵੱਦੀ ਨੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ, ਜਦਕਿ ਜੂਨੀਅਰ ਵਰਗ ਵਿੱਚ ਅਮਰਗੜ੍ਹ ਸਕੂਲ ਅਤੇ ਰਾਮਪੁਰ ਕੋਚਿੰਗ ਸੈਂਟਰ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ।
ਜਰਖੜ ਸਟੇਡੀਅਮ ਵਿੱਚ ਚੱਲ ਰਹੀ ਲੀਗ ਦੇ ਸੀਨੀਅਰ ਵਰਗ ਦੇ ਪਹਿਲੇ ਸੈਮੀ ਫਾਈਨਲ ਵਿੱਚ ਜਰਖੜ ਅਕੈਡਮੀ ਨੇ ਗਿੱਲ ਕਲੱਬ ਧਮੋਟ ਨੂੰ 5-2 ਗੋਲਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਪਰਗਟ ਸਿੰਘ ਨੇ 2, ਜਤਿੰਦਰਪਾਲ ਸਿੰਘ ਵਿੱਕੀ , ਡਿੰਪੀ ਅਤੇ ਲਵਜੀਤ ਸਿੰਘ ਨੇ ਇਕ ਇਕ ਗੋਲ ਕੀਤਾ ਜਦਕਿ ਧਮੋਟ ਵੱਲੋਂ ਦੋਵੇਂ ਗੋਲ ਰਮਨਜੀਤ ਸਿੰਘ ਨੇ ਕੀਤੇ। ਦੂਜੇ ਸੈਮੀ ਫਾਈਨਲ ਮੁਕਾਬਲੇ ਵਿੱਚ ਗਿੱਲ ਕਲੱਬ ਘਵੱਦੀ ਨੇ ਕੋਚ ਦਰਸ਼ਨ ਸਿੰਘ ਕਲੱਬ ਕਿਲ੍ਹਾ ਰਾਏਪੁਰ ਨੂੰ 4-2 ਗੋਲਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਰੁਵਿੰਦਰਪਾਲ ਸਿੰਘ ਅਤੇ ਗੁਰਜੀਤ ਸਿੰਘ ਨੇ 2-2 ਗੋਲ ਕੀਤੇ ਜਦਕਿ ਕਿਲ੍ਹਾ ਰਾਏਪੁਰ ਵੱਲੋਂ ਸੁਖਪ੍ਰੀਤ ਅਤੇ ਰੌਬਿਨ ਨੇ 1-1 ਗੋਲ ਕੀਤਾ।
ਸਬ ਜੂਨੀਅਰ ਵਰਗ ਦੇ ਸੈਮੀ ਫਾਈਨਲ ਮੈਚਾਂ ਵਿੱਚ ਅਮਰਗੜ੍ਹ ਸਕੂਲ ਨੇ ਜਰਖੜ ਅਕੈਡਮੀ ਨੂੰ 2-1 ਗੋਲਾਂ ਨਾਲ ਹਰਾਇਆ, ਜੇਤੂ ਟੀਮ ਵੱਲੋਂ ਹਰਮਨ ਅਤੇ ਕੋਮਲਪ੍ਰੀਤ ਨੇ 1-1 ਗੋਲ ਕੀਤਾ ਜਦਕਿ ਜਰਖੜ ਵੱਲੋਂ ਇੱਕ ਗੋਲ ਮਾਨਵਦੀਪ ਸਿੰਘ ਨੇ ਕੀਤਾ। ਦੂਸਰੇ ਸੈਮੀ ਫਾਈਨਲ ਵਿਚ ਰਾਮਪੁਰ ਕੋਚਿੰਗ ਸੈਂਟਰ ਨੇ ਜਟਾਣਾ ਸਕੂਲ ਨੂੰ 4-0 ਗੋਲਾਂ ਨਾਲ ਹਰਾਇਆ, ਜੇਤੂ ਟੀਮ ਵੱਲੋਂ ਨਵਜੋਤ ਅਤੇ ਅਨਮੋਲਦੀਪ ਨੇ 2-2 ਗੋਲ ਕੀਤੇ।
ਅੱਜ ਦੇ ਮੈਚਾਂ ਦੌਰਾਨ ਪੰਜਾਬ ਹਾਕੀ ਦੇ ਚੀਫ ਕੋਚ ਅਤੇ ਓਲੰਪੀਅਨ ਰਾਜਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਓਲੰਪੀਅਨ ਰਾਜਿੰਦਰ ਸਿੰਘ ਨੂੰ ਜਰਖੜ ਅਕੈਡਮੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ।