ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਸਤੰਬਰ
ਸ਼ਹਿਰ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚ ਅੱਜ ਹਿੰਦੀ ਦਿਵਸ ਮੌਕੇ ਸਮਾਗਮ ਕਰਵਾਏ ਗਏ। ਇਸ ਸਬੰਧੀ ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ, ਗੁਜਰਖਾਨ ਦੀ ਹਿੰਦੀ ਸਾਹਿਤ ਸਭਾ ਵੱਲੋਂ ਸਲੋਗਨ ਲਿਖਣ, ਕਵਿਤਾ ਪੜ੍ਹਨ, ਡਾਂਸ, ਕੈਲੀਗ੍ਰਾਫੀ, ਮਾਈਮ ਆਦਿ ਸਮੇਤ ਹੋਰ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਹਿੰਦੀ ਵਿਭਾਗ ਦੀ ਮੁਖੀ ਜਸਵਿੰਦਰ ਕੌਰ ਨੇ ਇਸ ਦਿਵਸ ਦੇ ਇਤਿਹਾਸਕ ਮਹੱਤਵ ਨੂੰ ਵਿਦਿਆਰਥੀਆਂ ਸਾਹਮਣੇ ਰੱਖਿਆ। ਕਾਲਜ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਅੰਦਰ ਲੁਕੀ ਕਲਾ ਨਿੱਖਰ ਕਿ ਸਾਹਮਣੇ ਆਉਂਦੀ ਹੈ। ਡੀਏਵੀ ਸਕੂਲ, ਪੱਖੋਵਾਲ ਰੋਡ ਵਿੱਚ ਵੀ ਹਿੰਦੀ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਹਿੰਦੀ ਵਿਭਾਗ ਵੱਲੋਂ ਮੁਹਾਵਰੇ ’ਤੇ ਆਧਾਰਿਤ ਇੱਕ ਨਾਟਕ ਦਾ ਮੰਚਨ ਕੀਤਾ ਗਿਆ।
ਸਮਰਾਲਾ (ਪੱਤਰ ਪ੍ਰੇਰਕ): ਸਰਕਾਰੀ ਹਾਈ ਸਕੂਲ ਘੁਲਾਲ ’ਚ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਭਾਸ਼ਣ, ਕਵਿਤਾ ਉਚਾਰਨ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ਦੌਰਾਨ ਭਾਸ਼ਣ ਮੁਕਾਬਲੇ ਵਿੱਚ ਕਿਰਨਜੀਤ ਕੌਰ, ਦਮਨਪ੍ਰੀਤ ਕੌਰ, ਕੌਸ਼ੱਲਿਆ ਕੁਮਾਰੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮਾਲਵਾ ਕਾਲਜ ਦੇ ਹਿੰਦੀ ਵਿਭਾਗ ਵਲੋਂ ਕਾਲਜ ਵਿਚ ਹਿੰਦੀ ਦਿਵਸ ਮਨਾਇਆ ਗਿਆ। ਹਿੰਦੀ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਕੌਰ ਨੇ ਹਿੰਦੀ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਕਿ ਸਾਲ 1949 ਵਿਚ 14 ਸਤੰਬਰ ਦੇ ਦਿਨ ਹੀ ਹਿੰਦੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਮਿਲਿਆ ਸੀ, ਉਦੋਂ ਤੋਂ ਹਰ ਸਾਲ ਇਹ ਦਿਨ ਹਿੰਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ।