ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਅਪਰੈਲ
ਸਨਅਤੀ ਸ਼ਹਿਰ ਦੇ ਇਲਾਕੇ ਗੁਰਦੇਵ ਨਗਰ ’ਚ ਸੋਮਵਾਰ ਦੀ ਦੁਪਹਿਰ ਨੂੰ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਇੱਕ ਕਾਰ ਨੂੰ ਟੱਕਰ ਮਾਰੀ। ਉਸ ਤੋਂ ਬਾਅਦ ਉਹ ਜਮੈਟੋ ਦੇ ਵਰਕਰ ਨਾਲ ਟਕਰਾ ਗਏ, ਫਿਰ ਉਹ ਜਦੋਂ ਫ਼ਰਾਰ ਹੋਣ ਲੱਗੇ ਤਾਂ ਸਿੱਧਾ ਇੱਕ ਮਜ਼ਦੂਰ ਨਾਲ ਟਕਰਾ ਗਏ। ਜਿਸ ਤੋਂ ਬਾਅਦ ਬੇਕਾਬੂ ਮੁਲਜ਼ਮ ਥੱਲੇ ਡਿੱਗ ਗਿਆ। ਇੱਕ ਨੌਜਵਾਨ ਨੂੰ ਤਾਂ ਲੋਕਾਂ ਨੇ ਕਾਬੂ ਕਰ ਲਿਆ, ਜਦੋਂ ਕਿ ਦੂਸਰੇ ਮੁਲਜ਼ਮ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ। ਪੁਲੀਸ ਇਹ ਜਾਂਚ ਕਰ ਰਹੀ ਹੈ ਕਿ ਮੋਟਰਸਾਈਕਲ ਇੰਨੀ ਤੇਜ਼ ਕਿਉਂ ਚਲਾ ਰਹੇ ਸਨ। ਸਬ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ’ਚੋਂ ਹਥਿਆਰ ਵੀ ਬਰਾਮਦ ਹੋਇਆ ਹੈ। ਲੋਕਾਂ ਨੇ ਕਾਬੂ ਕੀਤੇ ਨੌਜਵਾਨ ਤੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਕੌਣ ਹਨ ਤੇ ਕੀ ਕਰਦੇ ਹਨ, ਹਾਲੇ ਕੁਝ ਪਤਾ ਨਹੀਂ ਹੈ। ਮੋਟਰਸਾਈਕਲ ਕਿਸਦਾ ਹੈ, ਇਸ ਦੇ ਬਾਰੇ ’ਚ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਐੱਸਆਈ ਵਿਜੈ ਨੇ ਦੱਸਿਆ ਕਿ ਤੇਜ਼ਧਾਰ ਹਥਿਆਰ ਮੁਲਜ਼ਮ ਨੇ ਕਿਉਂ ਰੱਖਿਆ ਹੈ, ਇਸ ਬਾਰੇ ’ਚ ਵੀ ਕੁਝ ਕਿਹਾ ਨਹੀਂ ਜਾ ਸਕਦਾ। ਦੂਸਰੇ ਮੁਲਜ਼ਮ ਦਾ ਪਤਾ ਵੀ ਲਾਇਆ ਜਾ ਰਿਹਾ ਹੈ ਤੇ ਜਲਦੀ ਹੀ ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।