ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਜੂਨ
ਲੌਕਡਾਊਨ ’ਚ ਕੋਈ ਕੰਮ ਧੰਦਾ ਨਾ ਮਿਲਿਆ ਤਾਂ ਨੌਜਵਾਨ ਨੇ ਹੈਰੋਇਨ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ। ਐਸਟੀਐਫ਼ ਦੀ ਟੀਮ ਨੇ ਮੁਲਜ਼ਮ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਮੁਲਜ਼ਮ ਹੈਰੋਇਨ ਦੀ ਸਪਲਾਈ ਕਿਸੇ ਨੂੰ ਦੇਣ ਲਈ ਜਾ ਰਿਹਾ ਸੀ। ਮੁਲਜ਼ਮ ਨੂੰ ਮੁਹੱਲਾ ਵਿਜੇ ਨਗਰ ਟਿੱਬਾ ਰੋਡ ਕੋਲ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ’ਚੋਂ 223 ਗ੍ਰਾਮ ਹੈਰੋਇਨ ਅਤੇ 38 ਹਜ਼ਾਰ ਦੀ ਡਰੱਗ ਮਨੀ ਵੀ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ, ਜਿਸ ’ਤੇ ਉਹ ਹੈਰੋਇਨ ਦੀ ਤਸਕਰੀ ਕਰਨ ਲਈ ਜਾਂਦਾ ਸੀ। ਐਸਟੀਐਫ਼ ਦੀ ਟੀਮ ਨੇ ਇਸ ਮਾਮਲੇ ’ਚ ਟਿੱਬਾ ਰੋਡ ਦੇ ਮੁਹੱਲਾ ਰਮੇਸ਼ ਨਗਰ ਸਥਿਤ ਵਿਜੈ ਕੁਮਾਰ ਉਰਫ਼ ਪਠਾਨੀਆ ਦੇ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਦਿੱਤੀ ਗਈ ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮ ਖੁਦ ਵੀ ਹੈਰੋਇਨ ਦਾ ਨਸ਼ਾ ਕਰਦਾ ਹੈ। ਉਪਰੋਂ ਲੌਕਡਾਊਨ ’ਚ ਕੋਈ ਕੰਮ ਧੰਦਾ ਨਾ ਹੋਣ ਕਰ ਨਸ਼ੇ ਦੀ ਪੂਰਤੀ ਲਈ ਉਸਨੇ ਨਸ਼ਾ ਤਸਕਰੀ ਸ਼ੁਰੂ ਕਰ ਦਿੱਤੀ। ਉਧਰ, ਇਸੇ ਤਰ੍ਹਾਂ ਐੱਸਟੀਐੱਫ਼ ਦੀ ਟੀਮ ਨੇ ਦਰੇਸੀ ਦੇ ਕੋਲ ਨਾਕਾਬੰਦੀ ਕਰ ਕਿਲਾ ਮੁਹੱਲਾ ਵਾਸੀ ਸਿਕੰਦਰ ਨੂੰ ਕਾਬੂ ਕਰ ਉਸਦੇ ਕਬਜ਼ੇ ’ਚੋਂ 292 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁੱਛਗਿਛ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ ’ਤੇ ਪਹਿਲਾਂ ਵੀ ਅੱਧਾ ਦਰਜਨ ਦੇ ਕਰੀਬ ਕੇਸ ਦਰਜ ਹਨ। ਪੁਲੀਸ ਮੁਲਜ਼ਮ ਤੋਂ ਪੁੱਛਗਿਛ ਕਰ ਪਤਾ ਲਾ ਰਹੀ ਹੈ ਕਿ ਉਹ ਹੈਰੋਇਨ ਕਿਸ ਵਿਅਕਤੀ ਤੋਂ ਲਿਆ ਕੇ ਸਪਲਾਈ ਕਰਦਾ ਹੈ।