ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਮਾਰਚ
ਜੇਲ੍ਹ ’ਚ ਬੰਦ ਸਾਥੀ ਦੇ ਕਹਿਣ ’ਤੇ ਹੈਰੋਇਨ ਸਪਲਾਈ ਕਰਨ ਵਾਲੇ 2 ਮੁਲਜ਼ਮਾਂ ਨੂੰ ਐਸਟੀਐੱਫ਼ ਦੀ ਟੀਮ ਨੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਉਸ ਸਮੇਂ ਜਲੰਧਰ ਬਾਈਪਾਸ ਕੋਲ ਨਾਕੇ ਦੌਰਾਨ ਗ੍ਰਿਫ਼ਤਾਰ ਕਰ ਲਿਆ, ਜਦੋਂ ਮੁਲਜ਼ਮ ਕਿਸੇ ਨੂੰ ਹੈਰੋਇਨ ਦੀ ਸਪਲਾਈ ਕਰਨ ਲਈ ਜਾ ਰਹੇ ਸਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ 975 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਕੈਲਾਸ਼ ਨਗਰ ਸਥਿਤ ਸ਼ਿਮਲਾ ਕਲੋਨੀ ਵਾਸੀ ਅਮਨ ਮਹਾਜਨ ਤੇ ਛਾਉਣੀ ਮੁਹੱਲਾ ਵਾਸੀ ਧਰਮਵੀਰ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ, 2 ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਪੁਲੀਸ ਹੁਣ ਮੁਲਜ਼ਮਾਂ ਦੇ ਜੇਲ੍ਹ ’ਚ ਬੰਦ ਸਾਥੀ ਰਮਨ ਕੁਮਾਰ ਉਰਫ਼ ਜੋਜੋ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ’ਚ ਲੱਗ ਗਈ ਹੈ। ਪੁਲੀਸ ਅਨੁਸਾਰ ਮੁਲਜ਼ਮ ਜੋਜੋ ਹੀ ਦੋਵਾਂ ਨੂੰ ਦੱਸਦਾ ਸੀ ਕਿ ਹੈਰੋਇਨ ਕਿੱਥੋਂ ਲਿਆ ਕੇ ਕਿਸ ਨੂੰ ਸਪਲਾਈ ਕਰਨੀ ਹੈ। ਐੱਸਟੀਐਫ਼ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗ੍ਰੀਨ ਲੈਂਡ ਸਕੂਲ ਕੋਲ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਪੁਲੀਸ ਨੂੰ ਮੁਲਜ਼ਮਾਂ ਬਾਰੇ ਸੂਚਨਾ ਮਿਲੀ। ਪੁਲੀਸ ਨੇ ਮੁਲਜ਼ਮਾਂ ਨੂੰ ਨਾਕੇ ਦੌਰਾਨ ਗ੍ਰਿਫ਼ਤਾਰ ਕਰ ਲਿਆ। ਪੁਲੀਸ ਪੁਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮ ਜੋਜੋ ਉਨ੍ਹਾਂ ਦਾ ਸਾਥੀ ਹੈ ਤੇ ਉਸ ਦੇ ਕਹਿਣ ’ਤੇ ਹੀ ਉਹ ਖੇਪ ਲਿਆ ਕੇ ਅੱਗੇ ਸਪਲਾਈ ਕਰਨ ਲਈ ਜਾਂਦੇ ਸਨ। ਪੁਲੀਸ ਅਨੁਸਾਰ ਮੁਲਜ਼ਮ ਅਮਨ ਮਹਾਜਨ ਸੈਨਟਰੀ ਦਾ ਕੰਮ ਕਰਦਾ ਹੈ ਤੇ ਉਸ ਖਿਲਾਫ਼ ਪਹਿਲਾਂ ਵੀ ਹੈਰੋਇਨ ਤਸਕਰੀ ਦਾ ਕੇਸ ਦਰਜ ਹੈ। ਉਹ ਜਮਾਨਤ ’ਤੇ ਬਾਹਰ ਆਇਆ ਹੋਇਆ ਹੈ। ਜੇਲ੍ਹ ’ਚ ਹੀ ਉਸ ਦੀ ਜੋਜੋ ਨਾਲ ਮੁਲਾਕਾਤ ਹੋਈ ਸੀ ਤੇ ਬਾਹਰ ਆ ਕੇ ਉਸ ਦੇ ਲਈ ਉਹ ਨਸ਼ਾ ਤਸਕਰੀ ਕਰਨ ਲੱਗਿਆ। ਜਦੋਂ ਕਿ ਧਰਮਵੀਰ ਨੇ ਦੱਸਿਆ ਕਿ ਉਹ ਪ੍ਰਾਈਵੇਟ ਤੌਰ ’ਤੇ ਸਫ਼ਾਈ ਮੁਲਾਜ਼ਮ ਵਜੋਂ ਕੰਮ ਕਰਦਾ ਹੈ ਤੇ ਮੁਲਜ਼ਮ ਅਮਨ ਮਹਾਜਨ ਦੇ ਨਾਲ ਮਿਲ ਕੇ ਪਿਛਲੇਂ 3 ਸਾਲ ਤੋਂ ਉਹ ਨਸ਼ਾ ਤਸਕਰੀ ਦਾ ਧੰਦਾ ਕਰਦਾ ਆ ਰਿਹਾ ਹੈ। ਮੁਲਜ਼ਮ ਜੋਜੋ ਉਨ੍ਹਾਂ ਨੂੰ ਦੱਸਦਾ ਸੀ ਕਿ ਕਿੱਥੋਂ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿਸ ਨੂੰ ਸਪਲਾਈ ਕਰਨੀ ਹੈ ਤੇ ਕਿੰਨ੍ਹੇ ਪੈਸੇ ਲੈਣੇ ਹਨ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਜੋਜੋ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿਛ ਕੀਤੀ ਜਾਵੇਗੀ।
ਕਾਰ ਵਿੱਚੋਂ 324 ਸ਼ਰਾਬ ਦੀਆਂ ਬੋਤਲਾਂ ਬਰਾਮਦ
ਜਗਰਾਉਂ(ਪੱਤਰ ਪ੍ਰੇਰਕ): ਪੁਲੀਸ ਥਾਣਾ ਸ਼ਹਿਰੀ ਦੀ ਪੁਲੀਸ ਨੇ ਖਾਸ ਸੂਹੀਏ ਦੀ ਇਤਲਾਹ ’ਤੇ ਕਾਰ ਸਮੇਤ, 324 ਬੋਤਲਾਂ ਨਾਜਾਇਜ਼ ਸ਼ਰਾਬ ਫੜੀ ਹੈ। ਪੁਲੀਸ ਨੇ ਤਸਕਰ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਏਐੱਸਆਈ ਪਰਮਿੰਦਰ ਕੌਰ ਨੇ ਦੱਸਿਆ ਕਿ ਕਿਸੇ ਖਾਸ ਸੂਹੀਏ ਨੇ ਖਬਰ ਦਿੱਤੀ ਕਿ ਅਵਨੀਤ ਸਿੰਘ ਉਰਫ ਲੱਡੂ ਵਾਸੀ ਵਾਰਡ ਨੰਬਰ 15 ਚੁੰਗੀ ਨੰਬਰ 5 ਜੋ ਕਿ ਬਾਹਰਲੇ ਰਾਜਾਂ ਤੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ। ਅੱਜ ਕੁੱਕੜ ਬਾਜ਼ਾਰ ’ਚ ਗੱਡੀ ਨੰਬਰ ਪੀਬੀ.25 ਐਚ.4828 ਵਿੱਚੋਂ ਸ਼ਰਾਬ ਕਿਸੇ ਹੋਰ ਗੱਡੀ ਵਿੱਚ ਰੱਖਣ ਦੀ ਤਿਆਰੀ ਵਿੱਚ ਹੈ । ਪੁਲੀਸ ਪਾਰਟੀ ਨੇ ਏਐੱਸਆਈ ਪਰਮਿੰਦਰ ਕੌਰ ਦੀ ਅਗਵਾਈ ਹੇਠ ਛਾਪਾ ਮਾਰਿਆ ਤਾਂ ਪੁਲੀਸ ਦੇ ਹੱਥ ਗੱਡੀ 84 ਬੋਤਲਾਂ ਹੀਰ ਸੌਫੀਆ,240 ਬੋਤਲਾਂ ਫਸਟ ਚੁਆਇਸ ਹਰਿਆਂਣਾ ਦੀ ਬਣੀ ਹੋਈ ਹੱਥ ਲੱਗ ਗਈ । ਤਸਕਰ ਅਵਨੀਤ ਸਿੰਘ ਪੁਲੀਸ ਨੂੰ ਚਕਮਾ ਦੇ ਗਿਆ।