ਸਤਵਿੰਦਰ ਬਸਰਾ
ਲੁਧਿਆਣਾ, 20 ਅਪਰੈਲ
ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਵਿਦਿਆਰਥੀਆਂ ਵਿੱਚ ਵਿਰਾਸਤੀ ਅਤੇ ਕਲਾਤਮਕ ਰੁਚੀਆਂ ਪੈਦਾ ਕਰਨ ਲਈ ਵਿਰਾਸਤੀ ਕਲਾ ਮੇਲੇ ਆਯੋਜਿਤ ਕੀਤਾ ਗਿਆ। ਮੇਲੇ ਵਿੱਚ ਵਿਦਿਆਰਥੀਆਂ ਦੇ ਕਈ ਕਲਾਵਾਂ ਦੇ ਮੁਕਾਬਲੇ ਹੋਏ। ਇਨ੍ਹਾਂ ਵਿੱਚ ਪੱਗ ਬੰਨ੍ਹਣ, ਪਰਾਂਦਾ ਗੁੰਦਣ, ਇੰਨੂ ਬਣਾਉਣ, ਪੀੜ੍ਹੀ ਬੁਣਨ, ਫੁਲਕਾਰੀ ਕੱਢਣ, ਮਹਿੰਦੀ ਲਾਉਣ ਆਦਿ ਪ੍ਰਮੁੱਖ ਹਨ। ਸਮਾਪਤੀ ਸਮਾਰੋਹ ਵਿੱਚ ਮੁੱਖ ਬੁਲਾਰੇ ਵਜੋਂ ਪ੍ਰਸਿੱਧ ਪੰਜਾਬੀ ਕਵੀ ਡਾ. ਸੁਰਜੀਤ ਪਾਤਰ ਸ਼ਾਮਲ ਹੋਏ। ਡਾ. ਪਾਤਰ ਨੇ ਪੀਏਯੂ ਨੂੰ ਖੇਤੀ ਖੋਜ ਦੇ ਨਾਲ-ਨਾਲ ਵਿਰਸੇ ਦੀ ਸਾਂਭ-ਸੰਭਾਲ ਕਰਨ ਵਾਲੀ ਅਹਿਮ ਸੰਸਥਾ ਆਖਿਆ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਨੋਰਥ ਆਪਣੀ ਰਵਾਇਤ ਅਤੇ ਇਤਿਹਾਸ ਨਾਲ ਗੂੜ੍ਹੀ ਸਾਂਝ ਪੈਦਾ ਕਰਨਾ ਹੋਣਾ ਚਾਹੀਦਾ ਹੈ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਲਾਤਮਕ ਵਿਰਸੇ ਨਾਲ ਜੋੜਨਾ ਹੈ। ਇਸ ਤਰ੍ਹਾਂ ਪੰਜਾਬ ਦੇ ਵਸਨੀਕਾਂ ਨੂੰ ਆਪਣੀ ਵਿਰਾਸਤ ਦੇ ਮਾਣਯੋਗ ਪਲਾਂ ਦਾ ਅਹਿਸਾਸ ਹੋ ਸਕੇਗਾ। ਇਸ ਦੌਰਾਨ ਉਨ੍ਹਾਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਜਾਣਕਾਰੀ ਮੁਤਾਬਿਕ ਵਿਰਾਸਤੀ ਮੇਲੇ ਦੌਰਾਨ ਹੋਏ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਇੰਚਾਰਜ ਸੱਭਿਆਚਾਰਕ ਗਤੀਵਿਧੀਆਂ ਡਾ. ਜਸਵਿੰਦਰ ਕੌਰ ਬਰਾੜ ਤੋਂ ਇਲਾਵਾ ਪੀ.ਏ.ਯੂ. ਦੇ ਅਮਲੇ ਦੇ ਹੋਰ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।