ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 28 ਜੁਲਾਈ
ਇੱਥੋਂ ਦੇ ਵੱਖ-ਵੱਖ ਸਮਾਜਿਕ, ਮੈਡੀਕਲ ਅਤੇ ਵਿੱਦਿਅਕ ਸੰਗਠਨਾਂ ਵੱਲੋਂ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ ਜਿਸ ਦੌਰਾਨ ਸਕਰੀਨਿੰਗ ਕੈਂਪ, ਵਰਕਸ਼ਾਪ ਤੇ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਮੁੱਖ ਸਮਾਗਮ ਵਿਕਟੋਰੀਆ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਵਿੱਚ ਰੋਟਰੀ ਕਲੱਬ ਅਤੇ ਸਿਹਤ ਵਿਭਾਗ ਵੱਲੋਂ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਦੀ ਸਕਰੀਨਿੰਗ ਤੋਂ ਇਲਾਵਾ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਪੁਨੀਤ ਧਵਨ ਨੇ ਕੀਤੀ। ਐੱਸ ਪੀ ਸੋਫ਼ਤ ਦੀ ਰਹਿਨੁਮਾਈ ਹੇਠ ਕਰਵਾਏ ਗਏ ਸੈਮੀਨਾਰ ਦੌਰਾਨ ਮੁੱਖ ਬੁਲਾਰੇ ਡਾ. ਗਰੀਸ਼ ਅੱਗਰਵਾਲ, ਬਿਪਨ ਸੇਠੀ ਅਤੇ ਸੰਜੇ ਢੰਡ ਸਨ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਇੱਥੋਂ ਦੀਆਂ ਸਮਾਜਿਕ, ਵਿੱਦਿਅਕ ਅਤੇ ਮੈਡੀਕਲ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਵ ਹੈਪੇਟਾਈਟਸ ਦਿਵਸ ਆਮ ਲੋਕਾਂ ਵਿੱਚ ਘਾਤਕ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਗਿਆ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਘੱਟੋ ਘੱਟ ਪੰਜਾਹ ਮਿਲੀਅਨ ਭਾਰਤੀ ਹੁਣ ਤੱਕ ਹੈਪੇਟਾਈਟਸ ਦੇ ਪੰਜ ਵਿੱਚੋਂ ਕਿਸੇ ਨਾ ਕਿਸੇ ਵਿਸ਼ਾਣੂ ਤੋਂ ਗ੍ਰਸਤ ਹੋ ਚੁੱਕੇ ਹਨ। ਜਿਗਰ ਦੇ ਸੁੰਗੜਨ ਅਤੇ ਕੈਂਸਰ ਦੇ ਸੱਤਰ ਫ਼ੀਸਦੀ ਤੋਂ ਵੱਧ ਕੇਸ ਇਸ ਵਿਸ਼ਾਣੂ ਕਾਰਨ ਹੁੰਦੇ ਹਨ।
ਲੱਲ ਕਲਾਂ ’ਚ ਜਾਗਰੂਕਤਾ ਕੈਂਪ
ਦੋਰਾਹਾ: ਇੱਥੋਂ ਨੇੜਲੇ ਪਿੰਡ ਲੱਲ ਕਲਾਂ ਦੇ ਸੰਤ ਕ੍ਰਿਪਾਲ ਸਿੰਘ ਪਬਲਿਕ ਸਕੂਲ ਵਿੱਚ ਹੈਪੇਟਾਈਟਸ ਤੋਂ ਬਚਾਅ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਗੁਰਦੀਪ ਸਿੰਘ ਨੇ ਕਿਹਾ ਕਿ ਹੈਪੇਟਾਈਟਸ ਜਿਗਰ ਬਿਮਾਰੀ ਹੈ ਜੋ ਵਾਇਰਸ ਕਾਰਨ ਫੈਲਦੀ ਹੈ। ਹੈਪੇਟਾਈਟਸ-ਬੀ ਅਤੇ ਸੀ ਜਿਸਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਇੱਕੋ ਸੂਈ ਦੀ ਵਾਰ-ਵਾਰ ਵਰਤੋਂ, ਟੂਥ ਬਰਸ਼ ਸਾਂਝਾ ਕਰਨ, ਦੂਸ਼ਿਤ ਖੂਨ ਚੜ੍ਹਾਉਣ, ਅਸੁਰੱਖਿਅਤ ਸੰਭੋਗ ਆਦਿ ਕਾਰਨ ਫੈਲਦਾ ਹੈ ਜਦੋਂ ਕਿ ਹੈਪੇਟਾਈਟਸ-ਏ ਤੇ ਈ ਦੂਸ਼ਿਤ ਪਾਣੀ, ਗਲੇ ਸੜੇ ਫਲ ਜਾਂ ਦੂਸ਼ਿਤ ਭੋਜਨ ਦੀ ਵਰਤੋਂ, ਬਿਨਾਂ ਹੱਥ ਧੋਏ ਖਾਣਾ ਖਾਣ ਆਦਿ ਕਾਰਨਾਂ ਕਰਕੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੈਪੇਟਾਈਟਸ ਸੀ ਤੇ ਬੀ ਦਾ ਬੇਸਲਾਈਨ ਤੇ ਵਾਇਰਲ ਲੋਡ ਟੈਸਟ ਅਤੇ ਇਲਾਜ ਰਾਜ ਦੇ 22 ਜ਼ਿਲ੍ਹਾ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜਾਂ ’ਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਰਾਜ ਚੀਮਾ, ਸੀਮਾ ਰਾਣੀ, ਆਸ਼ਾ ਵਰਕਰਾਂ ਅਤੇ ਸਕੂਲ ਅਧਿਆਪਕ ਹਾਜ਼ਰ ਸਨ। -ਪੱਤਰ ਪ੍ਰੇਰਕ