ਗਗਨਦੀਪ ਅਰੋੜਾ
ਲੁਧਿਆਣਾ, 9 ਨਵੰਬਰ
ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਨੇ ਦੋਸ਼ ਲਾਇਆ ਕਿ ਸ਼ਹੀਦ ਸੁਖਦੇਵ ਥਾਪਰ ਦੀ ਨੌਘਰਾਂ ਸਥਿਤ ਜਨਮ ਅਸਥਾਨ ਨੂੰ ਚੌੜਾ ਬਾਜ਼ਾਰ ਤੋਂ ਸਿੱਧਾ ਰਸਤਾ ਦੇਣ ਲਈ ਅੜਿੱਕਾ ਬਣ ਰਹੀ ਇੱਕ ਬਿਲਡਿੰਗ ਨੂੰ ਐਕੁਆਇਰ ਕਰਨ ਦੀ ਕਾਰਵਾਈ ਨੂੰ ਕਾਗਜ਼ਾਂ ’ਚ ਉਲਝਾ ਕੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕੰਮ ’ਚ ਦੇਰੀ ਕੀਤੀ ਜਾ ਰਹੀ ਹੈ। ਸ਼ਹੀਦ ਸੁਖਦੇਵ ਥਾਪਰ ਦੇ ਵਾਰਿਸ ਅਤੇ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 15 ਦਿਨਾਂ ਦੇ ਅੰਦਰ-ਅੰਦਰ ਜ਼ਮੀਨ ਐਕੁਆਇਰ ਨਾ ਹੋਈ ਤਾਂ ਟਰੱਸਟ ਦੇਸ਼ ਭਗਤ ਜਥੇਬੰਦੀਆਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਘਰ ਬਾਹਰ ਭੁੱਖ ਹੜਤਾਲ ਕਰੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਰ ਦਿਨ ਐਕਸ਼ਨ ਮੋਡ ਅਪਣਾ ਕੇ ਕਰੋੜਾਂ ਦੀ ਲਾਗਤ ਨਾਲ ਸੰਤਾਂ ਮਹਾਂਪੁਰਖਾਂ ਦੇ ਨਾਮ ’ਤੇ ਚੇਅਰ ਅਤੇ ਮਿਊਜ਼ੀਅਮ ਬਣਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ, ਜਦਕਿ ਸ਼ਹੀਦ ਸੁਖਦੇਵ ਥਾਪਰ ਦੀ ਜਨਮ ਭੂਮੀ ਨੂੰ ਸਿੱਧਾ ਰਸਤਾ ਦੇਣ ਦੇ ਮਾਮਲੇ ’ਚ ਮੁੱਖ ਮੰਤਰੀ ਦੀ ਖਾਮੋਸ਼ੀ ਸਮਝ ਤੋਂ ਬਾਹਰ ਹੈ। ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ ਨੇ 21-10-2021 ਨੂੰ ਨਗਰ ਨਿਗਮ ਨੂੰ ਵਿਭਾਗ ਵੱਲੋਂ ਗਠਿਤ ਮਾਹਿਰਾਂ ਦੀ ਕਮੇਟੀ ਰਾਹੀਂ ਸਬੰਧਤ ਕੁਝ ਵਰਗ ਜ਼ਮੀਨ ਦੇ ਮਾਲਕਾਂ ਨਾਲ ਗੱਲਬਾਤ ਕਰ ਭਾਅ ਤੈਅ ਕਰਨ ਦੇ ਹੁਕਮਾਂ ਦਿੱਤੇ ਸਨ। ਅਸ਼ੋਕ ਥਾਪਰ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਨੇ ਉਸ ਹੁਕਮਾਂ ’ਤੇ ਹਾਲੇ ਤੱਕ ਕੋਈ ਕਦਮ ਨਹੀਂ ਚੁੱਕਿਆ। ਨਿਗਮ ਅਧਿਕਾਰੀਆਂ ਨੇ 15 ਦਿਨ ਦੇ ਕੰਮ ਨੂੰ 3 ਮਹੀਨੇ ਲਾ ਦਿੱਤੇ ਹਨ। ਨਿਗਮ ਅਧਿਕਾਰੀਆਂ ਦੀ ਲੇਟ ਲਤੀਫ਼ੀ ਜ਼ਮੀਨ ਐਕੁਆਇਰ ਕਰਨ ’ਚ ਮੁੱਖ ਅੜਿੱਕਾ ਬਣ ਰਹੀ ਹੈ। ਸ਼ਹੀਦ ਦੇ ਨੌਘਰਾ ਸਥਿਤ ਜਨਮ ਅਸਥਾਨ ਦੇ ਖੇਤਰ ਦੇ ਸੁੰਦਰੀਕਰਨ ’ਚ ਅੜਿੱਕਾ ਬਣ ਰਹੇ ਨਾਜਾਇਜ਼ ਕਬਜ਼ਿਆਂ ਦਾ ਜ਼ਿਕਰ ਕਰਦੇ ਹੋਏ ਅਸ਼ੋਕ ਥਾਪਰ ਨੇ ਕਿਹਾ ਕਿ 2 ਸਾਲ ਪਹਿਲਾਂ 8 ਨਵੰਬਰ 2019 ਨੂੰ ਅੱਜ ਦੇ ਦਿਨ ਹੀ ਨਾਜਾਇਜ਼ ਕਬਜ਼ੇ ਹਟਾਉਣ ਗਏ ਨਿਗਮ ਅਧਿਕਾਰੀਆਂ ਤੇ ਡਿਚ ਮਸ਼ੀਨ ਮਾਲਕ ਨੂੰ ਦਬਾਅ ਦੇ ਚੱਲਦੇ ਬਿਨਾਂ ਕਬਜ਼ਾ ਹਟਾਏ ਹੀ ਵਾਪਸ ਆਉਣਾ ਪਿਆ ਸੀ।