ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਸਤੰਬਰ
ਸਨਅਤੀ ਸ਼ਹਿਰ ਦੇ ਲੋਕਾਂ ਨੂੰ ਤੇਜ਼ ਮੀਂਹ ਨੇ ਅੱਜ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਲੋਕ ਹੁੰਮਸ ਭਰੀ ਗਰਮੀ ਝੱਲ ਰਹੇ ਸਨ। ਮੰਗਲਵਾਰ ਦੁਪਹਿਰ ਨੂੰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਤਾਂ ਮੀਂਹ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ, ਪਰ ਕਈ ਇਲਾਕਿਆਂ ਵਿੱਚ ਸਾਰਾ ਦਿਨ ਧੁੱਪ ਖਿੜੀ ਰਹੀ। ਹਾਲਾਂਕਿ ਮੌਸਮ ਵਿਭਾਗ ਵੱਲੋਂ ਮੀਂਹ ਨੂੰ ਲੈ ਕੇ ਪਹਿਲਾਂ ਕੋਈ ਅਨੁਮਾਨ ਜਾਰੀ ਨਹੀਂ ਕੀਤਾ ਗਿਆ ਸੀ। ਸਨਅਤੀ ਸ਼ਹਿਰ ਵਿੱਚ ਮੀਂਹ ਦੇ ਆਉਂਦੇ ਹੀ ਗਰਮੀ ਨਾਲ ਲੋਕਾਂ ਰਾਹਤ ਮਿਲੀ। ਮੀਂਹ ਬਸਤੀ ਜੋਧੇਵਾਲ, ਰਾਹੋਂ ਰੋਡ, ਕਿੱਲਾ ਮੁਹੱਲਾ, ਸਲੇਮ ਟਾਬਰੀ ਦੇ ਆਸਪਾਸ ਦੇ ਇਲਾਕਿਆਂ ਵਿੱਚ ਪਿਆ, ਪਰ ਦੂਜੇ ਪਾਸੇ ਘੁਮਾਰ ਮੰਡੀ, ਪੀਏਯੂ, ਗੁਰਦੇਵ ਨਗਰ, ਮਾਲ ਰੋਡ, ਭਾਰਤ ਨਗਰ ਚੌਂਕ ਸਮੇਤ ਆਸ-ਪਾਸ ਦੇ ਇਲਾਕਿਆਂ ’ਚ ਮੀਂਹ ਬਿਲਕੁਲ ਨਹੀਂ ਪਿਆ। ਇੱਥੇ ਕੁੱਝ ਸਮਾਂ ਬੱਦਲਵਾਈ ਜ਼ਰੂਰ ਹੋਈ, ਪਰ ਮੀਂਹ ਨਹੀਂ ਪਿਆ।