ਸੰਤੋਖ ਗਿੱਲ
ਗੁਰੂਸਰ ਸੁਧਾਰ, 29 ਜੁਲਾਈ
ਪਿੰਡ ਤਲਵੰਡੀ ਰਾਏ ਦਾ ਮਜ਼ਦੂਰ ਬਲਜੀਤ ਸਿੰਘ ਫ਼ਿਕਰਾਂ ਵਿਚ ਡੁੱਬਾ ਘੜੀ-ਮੁੜੀ ਅਸਮਾਨ ਵੱਲ ਤੱਕਦਾ ਹੈ ਕਿ ਜੇ ਹੁਣ ਮੀਂਹ ਆਇਆ ਤਾਂ ਦੂਜੇ ਕਮਰੇ ਦੀ ਛੱਤ ਵੀ ਡਿੱਗਣ ਨੂੰ ਤਿਆਰ ਖੜ੍ਹੀ ਹੈ। ਸਿਉਂਕ ਖਾਧੀ ਛੱਤ ਦੇ ਬਾਲੇ ਇਸ ਸਾਲ ਦਾ ਪਹਿਲਾ ਮੀਂਹ ਨਹੀਂ ਸਹਾਰ ਸਕੇ ਅਤੇ ਇਕ ਕਮਰੇ ਦੀ ਛੱਤ ਪਹਿਲਾਂ ਹੀ ਡਿੱਗ ਚੁੱਕੀ ਹੈ, ਉਪਰੋਂ ਗਿਆਰਾਂ ਹਜ਼ਾਰ ਤੀਹ ਰੁਪਏ ਦਾ ਬਿਜਲੀ ਬਿੱਲ ਅਸਮਾਨੀ ਬਿਜਲੀ ਵਾਂਗ ਇਸ ਪਰਿਵਾਰ ’ਤੇ ਆ ਡਿੱਗਿਆ।
ਤਾਲਾਬੰਦੀ ਨੇ ਅਨੇਕਾਂ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ ਅਤੇ ਰਹਿੰਦੀ ਕਸਰ ਬਿਜਲੀ ਦੇ ਭਾਰੀ ਬਿੱਲਾਂ ਨੇ ਕੱਢ ਦਿੱਤੀ। ਅੱਜ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਤਹਿਸੀਲ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ ਨੇ ਪਿੰਡ ਤਲਵੰਡੀ ਰਾਏ ਦੇ ਦਰਜਨਾਂ ਗ਼ਰੀਬ ਪਰਿਵਾਰਾਂ ਦੇ ਭਾਰੀ ਬਿਜਲੀ ਬਿੱਲਾਂ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ। ਬੁਢਾਪਾ ਅਤੇ ਵਿਧਵਾ ਪੈਨਸ਼ਨ ਆਸਰੇ ਰੋਟੀ ਦਾ ਜੁਗਾੜ ਕਰਨ ਵਾਲੀ ਬਿਰਧ ਮਜ਼ਦੂਰ ਔਰਤ ਸੁਖਦੇਵ ਕੌਰ ਨੂੰ ਦੋ ਹਜ਼ਾਰ ਦਾ ਬਿਜਲੀ ਬਿੱਲ ਆਇਆ ਹੈ, ਜੁਗਿੰਦਰ ਸਿੰਘ ਨੂੰ 28 ਹਜ਼ਾਰ, ਮਿਹਰ ਸਿੰਘ 14 ਮੇਜਰ 340 ਰੁਪਏ, ਮਹਿੰਦਰ ਸਿੰਘ 12 ਹਜ਼ਾਰ 700 ਰੁਪਏ, ਮੁਖ਼ਤਿਆਰ ਸਿੰਘ 10 ਹਜ਼ਾਰ 230 ਰੁਪਏ, ਨਰੇਗਾ ਮਜ਼ਦੂਰ ਰਛਪਾਲ ਸਿੰਘ 11 ਹਜ਼ਾਰ 190 ਰੁਪਏ ਦੇ ਬਿੱਲ ਆਏ ਹਨ ਅਤੇ ਇਸ ਤੋਂ ਇਲਾਵਾ ਬਿਜਲੀ ਬਿੱਲਾਂ ਦੇ ਝੰਜੋੜੇ ਦੋ ਦਰਜਨ ਤੋਂ ਵਧੇਰੇ ਹੋਰ ਮਜ਼ਦੂਰ ਅਤੇ ਕਿਸਾਨਾਂ ਨੇ ਮਜ਼ਦੂਰ ਆਗੂਆਂ ਕੋਲ ਇਨਸਾਫ਼ ਦਿਵਾਉਣ ਦੀ ਫਰਿਆਦ ਕੀਤੀ ਹੈ। ਉਧਰ ਮਜ਼ਦੂਰ ਆਗੂਆਂ ਨੇ ਭਾਰੀ ਬਿੱਲ ਭੇਜਣ ਦੀ ਨਿੰਦਾ ਕਰਦਿਆਂ ਇਹ ਬਿੱਲ ਵਾਪਸ ਲੈਣ ਦੀ ਮੰਗ ਕੀਤੀ ਹੈ।