ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਜੂਨ
ਤਾਜਪੁਰ ਰੋਡ ਦੀ ਵਿਸ਼ਵਕਰਮਾ ਕਲੋਨੀ ਇਲਾਕੇ ’ਚ ਦੋ ਦਿਨ ਪਹਿਲਾਂ ਸ਼ੱਕੀ ਹਾਲਤ ਵਿੱਚ ਮ੍ਰਿਤਕ ਮਿਲੀ ਆਰਤੀ ਦੀ ਮੌਤ ਸਾਧਾਰਨ ਨਹੀਂ ਬਲਕਿ ਗਲਾ ਘੁੱਟ ਹੋਈ ਸੀ। ਇਹ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਆਰਤੀ ਦੇ ਪਤੀ ਪਿੰਟੂ ਨੇ ਹੀ ਕੀਤਾ ਸੀ। ਗਲਾ ਘੁੱਟਣ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਮੰਗਲਵਾਰ ਨੂੰ ਆਰਤੀ ਦੀ ਲਾਸ਼ ਦਾ ਪੋਸਟਮਾਰਟਮ ਹੋਇਆ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਰਿਪੋਰਟ ਮਿਲਣ ਤੋਂ ਬਾਅਦ ਆਰਤੀ ਦੇ ਪਿਤਾ ਧਰੁਵ ਨਾਰਾਇਣ ਦੂਬੇ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਆਰਤੀ ਦੇ ਪਤੀ ਪਿੰਟੂ ਨੂੰ ਪੁੱਛਗਿਛ ਲਈ ਹਿਰਾਸਤ ’ਚ ਲਿਆ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਥਾਣਾ ਡਿਵੀਜ਼ਨ ਨੰਬਰ 7 ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਸਤੀ ਸਥਿਤ ਪਿੰਡ ਚਾਦਾ ਖੁਰਦ ਦੀ ਰਹਿਣ ਵਾਲੀ ਆਰਤੀ ਦਾ ਵਿਆਹ 2017 ’ਚ ਹੋਇਆ ਸੀ। ਉਸ ਦੀ ਤਿੰਨ ਸਾਲ ਦੀ ਇੱਕ ਲੜਕੀ ਵੀ ਹੈ। ਉਸਦਾ ਪਤੀ ਫੈਕਟਰੀ ’ਚ ਮਜ਼ਦੂਰੀ ਕਰਦਾ ਹੈ। ਉਹ ਪਹਿਲਾਂ ਗੁਰੂ ਅਰਜਨ ਦੇਵ ਨਗਰ ਇਲਾਕੇ ’ਚ ਰਹਿੰਦੇ ਸਨ, ਪਰ 10 ਦਿਨ ਪਹਿਲਾਂ ਹੀ ਵਿਸ਼ਵਕਰਮਾ ਕਲੋਨੀ ਇਲਾਕੇ ’ਚ ਤਬਦੀਲ ਹੋਏ ਸਨ। ਧਰੁਵ ਨਾਰਾਇਣ ਦੂਬੇ ਨੇ ਦੱਸਿਆ ਕਿ ਆਰਤੀ ਉਤਰ ਪ੍ਰਦੇਸ਼ ਕਾਂਸਟੇਬਲ ਭਰਤੀ ’ਚ ਸਿਲੈਕਟ ਵੀ ਹੋਈ ਸੀ ਪਰ ਬਾਅਦ ’ਚ ਭਰਤੀ ਰੱਦ ਹੋ ਗਈ। ਥਾਣਾ ਡਵੀਜ਼ਨ ਨੰ. 7 ਦੇ ਐੱਸਐੱਚਓ ਸਬ ਇੰਸਪੈਕਟਰ ਸਤਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿੰਟੂ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਆਰਤੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸੰਬੰਧ ਹਨ। ਜਿਸ ਕਾਰਨ ਦੋਹਾਂ ’ਚ ਝਗੜਾ ਵੀ ਹੁੰਦਾ ਸੀ। ਉਹ ਆਰਤੀ ਨੂੰ ਆਪਣੇ ਰਸਤੇ ’ਚੋਂ ਹਟਾਉਣਾ ਚਾਹੁੰਦਾ ਸੀ। ਉਸ ਨੇ 12 ਜੂਨ ਦੀ ਰਾਤ ਨੂੰ ਖਾਣਾ ਖਾਧਾ ਅਤੇ ਛੱਤ ’ਤੇ ਸੌਣ ਲਈ ਚਲਾ ਗਿਆ। ਦੇਰ ਰਾਤ ਨੂੰ ਪਿੰਟੂ ਨੇ ਗਲਾ ਘੁੱਟ ਕੇ ਪਤਨੀ ਦਾ ਕਤਲ ਕਰ ਦਿੱਤਾ ਤੇ ਅਗਲੇ ਦਿਨ ਉਸ ਨੇ ਰੌਲਾ ਪਾ ਦਿੱਤਾ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ।
ਨਾਬਾਲਗ ਲੜਕੀ ਭੇਤ-ਭਰੀ ਹਾਲਤ ਵਿੱਚ ਲਾਪਤਾ
ਲੁਧਿਆਣਾ (ਨਿਜੀ ਪੱਤਰ ਪ੍ਰੇਰਕ): ਥਾਣਾ ਟਿੱਬਾ ਦੇ ਇਲਾਕੇ ਬਾਪੂ ਮਾਰਕੀਟ ਐਮਜੇਕੇ ਨਗਰ ਰਹਿੰਦੀ ਇੱਕ ਨਾਬਾਲਗ ਲੜਕੀ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਈ ਹੈ। ਲੜਕੀ ਦੇ ਪਿਤਾ ਉਦੈ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਸੋਨੀ (17 ਸਾਲ 5 ਮਹੀਨੇ )ਬਾਅਦ ਦੁਪਹਿਰ ਸਾਮਾਨ ਲੈਣ ਲਈ ਘਰੋਂ ਬਾਜ਼ਾਰ ਗਈ ਸੀ ਪਰ ਉਹ ਵਾਪਸ ਨਹੀਂ ਪਰਤੀ। ਉਸ ਦੀ ਕਈ ਥਾਵਾਂ ’ਤੇ ਭਾਲ ਕੀਤੀ ਗਈ ਹੈ ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਹੈ ਕਿ ਕੋਈ ਨਾਮਲੂਮ ਵਿਅਕਤੀ ਵਿਆਹ ਕਰਵਾਉਣ ਦੀ ਨੀਯਤ ਨਾਲ ਉਸ ਨੂੰ ਫੁਸਲਾ ਕੇ ਲੈ ਗਿਆ ਹੈ।