ਪੱਤਰ ਪ੍ਰੇਰਕ
ਰਾਏਕੋਟ, 22 ਸਤੰਬਰ
ਬੀਤੀ ਰਾਤ ਚੋਰਾਂ ਨੇ ਸ਼ਹਿਰ ਦੀਆਂ ਅੱਧੀ ਦਰਜਨ ਤੋਂ ਵਧੇਰੇ ਦੁਕਾਨਾਂ ਦੇ ਤਾਲੇ ਭੰਨ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਸ਼ਹਿਰ ਦੇ ਪ੍ਰਮੁੱਖ ਹਰੀ ਸਿੰਘ ਨਲਵਾ ਚੌਕ ਵਿੱਚ ਸਥਿਤ ਪੁਲੀਸ ਪੋਸਟ ਤੋਂ ਕੁਝ ਮੀਟਰ ਦੀ ਦੂਰੀ ’ਤੇ ਸਥਿੱਤ ਬੀਐਸ ਆਟੋ ਇਲੈਕਟ੍ਰੀਸ਼ਨ ਦੀ ਦੁਕਾਨ ਦੇ ਤਾਲੇ ਤੋੜ ਕੇ 12-13 ਨਵੀਆਂ ਬੈਟਰੀਆਂ ਅਤੇ ਕੁਝ ਸਕ੍ਰੈਪ, ਜਿਸ ਦਾ ਮੁੱਲ 70 ਹਜ਼ਾਰ ਦੇ ਕਰੀਬ ਬਣਦਾ ਹੈ ਚੋਰ ਚੋਰੀ ਕਰਕੇ ਲੈ ਗਏ ਹਨ। ਸਥਾਨਕ ਈਦ ਮਸੀਤ ਰੋਡ ’ਤੇ ਸਥਿਤ ਅਮਨ ਫੀਡ ਦੇ ਮਾਲਕ ਮੰਗਤ ਰਾਏ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਇਨਵਰਟਰ, ਬੈਟਰਾ ਅਤੇ ਡੀਵੀਆਰ ਸਮੇਤ 10 ਹਜ਼ਾਰ ਦੀ ਨਗਦੀ ਚੋਰੀ ਕਰਕੇ ਲੈ ਗਏ। ਕਮੇਟੀ ਗੇਟ ਸਾਹਮਣੇ ਮਾਰਕੀਟ ਵਿੱਚ ਹੈਪੀ ਮੈਡੀਕਲ ਸਟੋਰ ਤੋਂ ਚੋਰ 25 ਹਜ਼ਾਰ ਦੇ ਕਰੀਬ ਨਗਦੀ ਅਤੇ ਇਕ ਡੀਵੀਆਰ ਲੈ ਗਏ। ਇਸੇ ਮਾਰਕੀਟ ਵਿੱਚ ਸਥਿਤ ਕੁਰੈਸ਼ੀ ਮੈਡੀਕਲ ਅਤੇ ਅਰੋੜਾ ਫੈਸ਼ਨ ਹੱਟ ਸਮੇਤ ਮਾਲੇਰਕੋਟਲਾ ਰੋਡ ’ਤੇ ਸਥਿੱਤ ਸਿੱਧੂ ਬੈਟਰੀ ਹਾਊਸ ਦਾ ਸ਼ਟਰ ਵੀ ਚੋਰਾਂ ਵਲੋਂ ਤੋੜਿਆ ਗਿਆ, ਪ੍ਰੰਤੂ ਇੱਥੇ ਕੁੱਝ ਚੋਰੀ ਨਹੀਂ ਹੋਇਆ। ਆਲ਼ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪ੍ਰਵੀਨ ਅੱਗਰਵਾਲ ਨੇ ਪੁਲੀਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਥਾਣਾ ਸਿਟੀ ਦੇ ਇੰਚਾਰਜ ਅਜੈਬ ਸਿੰਘ ਨੇ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਸਬੰਧੀ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਮਦਦ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰ ਛੇਤੀ ਹੀ ਪੁਲੀਸ ਦੇ ਸ਼ਿਕੰਜੇ ਵਿੱਚ ਹੋਣਗੇ।