ਰਾਮ ਗੋਪਾਲ ਰਾਏਕੋਟੀ
ਰਾਏਕੋਟ, 8 ਅਕਤੂਬਰ
ਹਾਥਰਸ ਦੀ ਬਲਾਤਕਾਰ ਪੀੜਤ ਦਲਿਤ ਲੜਕੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੀਟੂ ਦੇ ਕੇਂਦਰੀ ਕਮੇਟੀ ਆਗੂ ਕਾਮਰੇਡ ਜਤਿੰਦਰਪਾਲ ਸਿੰਘ ਤੇ ਸੂਬਾਈ ਆਗੂ ਕਾਮਰੇਡ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਵਿੱਚ ਸੀਟੂ ਵਰਕਰਾਂ ਨੇ ਪਿੰਡ ਦੱਧਾਹੂਰ ਵਿਚ ਕੇਂਦਰ ਦੀ ਮੋਦੀ ਸਰਕਾਰ ਤੇ ਯੂਪੀ ਦੀ ਯੋਗੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਟੂ ਆਗੂਆਂ ਨੇ ਕਿਹਾ ਕਿ ਯੋਗੀ ਸਰਕਾਰ ਨੇ ਅੱਤਿਆਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਪੀੜਤ ਦੇ ਮਾਪਿਆਂ ਨੂੰ ਆਪਣੀ ਧੀ ਦੇ ਆਖ਼ਰੀ ਦਰਸ਼ਨ ਵੀ ਨਾ ਹੋਣ ਦਿੱਤੇ ਅਤੇ ਅੱਧੀ ਰਾਤ ਨੂੰ ਤੇਲ ਪਾ ਕੇ ਲਾਸ਼ ਦਾ ਸੰਸਕਾਰ ਕਰ ਦਿੱਤਾ ਗਿਆ । ਇਸ ਮੌਕੇ ਆਗੂਆਂ ਨੇ ਪੀੜਤ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ ਧਮਕਾਉਣ ਅਤੇ ਠਾਕਰਾਂ ਵੱਲੋਂ ਸ਼ਰੇਆਮ ਪੰਚਾਇਤ ਬੁਲਾ ਕੇ ਲਲਕਾਰੇ ਮਾਰਨ ਨੂੰ ਹੱਲਾਸ਼ੇਰੀ ਦੇਣ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਸਰਬਉੱਚ ਅਦਾਲਤ ਵੱਲੋਂ ਵੀ ਇਸ ਕਾਂਡ ਨੂੰ ਭਿਆਨਕ ਕਰਾਰ ਦਿੱਤਾ ਗਿਆ ਹੈ।
ਸਮਰਾਲਾ (ਪੱਤਰ ਪ੍ਰੇਰਕ): ਪੂਰੇ ਦੇਸ਼ ਨੂੰ ਹਿੱਲਾ ਕੇ ਰੱਖ ਦੇਣ ਵਾਲੀ ਹਾਥਰਸ ਘਟਨਾ ਦੇ ਰੋਸ ਵਜੋਂ ਭਾਰਤੀ ਵਾਲਮੀਕਿ ਸਮਾਜ ਵੱਲੋਂ 10 ਅਕਤੂਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਅੱਜ ਇਥੇ ਸਮਾਜ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਹੋਈ। ਸਥਾਨਕ ਭਗਵਾਨ ਸ਼੍ਰੀ ਵਾਲਮੀਕਿ ਮੰਦਿਰ ਵਿਚ ਭਾਵਾਧਸ ਦੇ ਪ੍ਰਧਾਨ ਪਵਨ ਸਹੋਤਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ’ਚ ਵਾਲਮੀਕਿ ਸਮਾਜ ਅਤੇ ਰਵਿਦਾਸ ਭਾਈਚਾਰੇ ਦੇ ਆਗੂਆਂ ਵੱਲੋਂ ਸ਼ਮੂਲੀਅਤ ਕਰਦੇ ਹੋਏ ਬੰਦ ਦੇ ਸੱਦੇ ਦਾ ਸਮਰਥਨ ਕੀਤੇ ਜਾਣ ਦਾ ਐਲਾਨ ਕੀਤਾ। ਇਸ ਸਬੰਧ ’ਚ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਪ੍ਰਧਾਨ ਪਵਨ ਸਹੋਤਾ ਨੇ ਦੱਸਿਆ ਕਿ ਹਾਥਰਸ ਵਿਚ ਦਰਿੰਦਗੀ ਦਾ ਸ਼ਿਕਾਰ ਹੋਈ ਲੜਕੀ ਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਬਜਾਏ ਯੂਪੀ ਸਰਕਾਰ ਵੱਲੋਂ ਡਰਾਇਆ-ਧਮਕਾਇਆ ਜਾ ਰਿਹਾ ਹੈ। ਇਸ ਲਈ ਵਾਲਮੀਕਿ ਸਮਾਜ ਨੇ ਪੀੜਿਤ ਲੜਕੀ ਦੇ ਕਾਤਲਾਂ ਨੂੰ ਸਖ਼ਤ ਸਜਾਵਾਂ ਦਿਵਾਉਣ ਅਤੇ ਪਰਿਵਾਰ ਲਈ ਇਨਸਾਫ ਦੀ ਮੰਗ ਨੂੰ ਲੈ ਕੇ 10 ਅਕਤੂਬਰ ਨੂੰ ਭਾਰਤ ਬੰਦ ਦਾ ਜੋ ਸੱਦਾ ਦਿੱਤਾ ਹੈ, ਉਸ ਨੂੰ ਸਮਰਾਲਾ ਹਲਕੇ ਵਿੱਚ ਪੂਰਾ ਸਮਰਥਨ ਦਿੱਤਾ ਜਾਵੇਗਾ। ਇਸੇ ਦੌਰਾਨ ਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੱਦੇ ਉਤੇ ਪਿੰਡ ਬੌਂਦਲੀ ਵਿਚ ਭਜਨ ਸਿੰਘ ਜ਼ਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ ਲੁਧਿਆਣਾ, ਦਲਬਾਰਾ ਸਿੰਘ ਬੌਂਦਲੀ ਤਹਿਸੀਲ ਸਕੱਤਰ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਅਤੇ ਸਤਨਾਮ ਸਿੰਘ ਟੋਡਰਪੁਰ ਮੀਤ ਪ੍ਰਧਾਨ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਦੀ ਅਗਵਾਈ ਹੇਠ ਸਮਰਾਲਾ ਇਲਾਕੇ ਦੇ ਨਿਰਮਾਣ ਮਜਦੂਰ, ਭੱਠਾ ਮਜ਼ਦੂਰ ਅਤੇ ਖੇਤ ਮਜ਼ਦੂਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਹਾਥਰਸ ਜ਼ਿਲ੍ਹੇ ’ਚ ਹੋਏ ਸਮੂਹਿਕ ਜਬਰ-ਜਨਾਹ ਪ੍ਰਤੀ ਰੋਸ ਮੁਜ਼ਾਹਰਾ ਕੀਤਾ।
ਪਾਇਲ (ਦੇਵਿੰਦਰ ਸਿੰਘ ਜੱਗੀ): ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਮੂਲਨਿਵਾਸੀ ਲੜਕੀ ਨਾਲ ਬਲਾਤਕਾਰ ਮਾਮਲੇ ਦੇ ਵਿਰੋਧ ਵਿੱਚ ਪਿੰਡ ਘੁਡਾਣੀ ਦੀਆਂ ਕਾਲੋਨੀਆਂ ਤੋਂ ਲੈ ਕੇ ਪਿੰਡ ਵਿੱਚ ਕੈਂਡਲ ਮਾਰਚ ਕਰਕੇ ਰੋਸ ਪ੍ਰਗਟ ਕੀਤਾ ਗਿਆ ਤੇ ਆਰਐੱਸਐੱਸ, ਮੋਦੀ-ਯੋਗੀ ਅਤੇ ਭਾਜਪਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਯੋਗੀ ਸਰਕਾਰ ਸ਼ਰੇਆਮ ਬਲਾਤਕਾਰੀਆਂ ਦੀ ਮਦਦ ਕਰ ਰਹੀ ਹੈ ਜੋ ਅੱਤ ਨਿੰਦਣਯੋਗ ਹੈ।