ਸਤਵਿੰਦਰ ਬਸਰਾ
ਲੁਧਿਆਣਾ, 2 ਦਸੰਬਰ
ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ ਵੱਲੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਲਈ 7ਵੇਂ ਪੇਅ ਸਕੇਲ ਨੂੰ ਲਾਗੂ ਕਰਵਾਉਣ ਲਈ ਬੀਤੇ ਦਿਨ ਸ਼ੁਰੂ ਕੀਤਾ ਮਰਨ ਵਰਤ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਸ ਮਰਨ ਵਰਤ ਦੇ ਸਮਰਥਨ ਵਿੱਚ ਅੱਜ ਪੀਏਯੂ ਦੇ ਸਾਰੇ ਕਾਲਜਾਂ ਵਿੱਚ ਟੀਚਿੰਗ, ਖੋਜ, ਪਸਾਰ, ਪ੍ਰੀਖਿਆਵਾਂ ਅਤੇ ਕਲਚਰਲ ਗਤੀਵਿਧੀਆਂ ਮੁਕੰਮਲ ਠੱਪ ਰਹੀਆਂ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਿਰਸਟੀ ਦੇ ਪਸ਼ੂਆਂ ਦਾ ਹਸਪਤਾਲ ਵੀ ਬੰਦ ਰਿਹਾ। ਪੀਏਯੂ ਦੇ ਥਾਪਰ ਹਾਲ ਦੇ ਸਾਹਮਣੇ ਚੱਲ ਰਹੇ ਇਸ ਮਰਨ ਵਰਤ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਗੌਰਮਿੰਟ ਕਾਲਜ ਟੀਚਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰੋ. ਜੈਪਾਲ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੇ ਪੇਅ ਸਕੇਲ ਨੂੰ ਯੂਜੀਸੀ ਨਾਲੋਂ ਡੀ-ਲਿੰਕ ਕਰਨ ਦਾ ਪੰਜਾਬ ਸਰਕਾਰ ਦਾ ਫ਼ੈਸਲਾ ਮੰਦਭਾਗਾ ਹੈ ਜਦਕਿ ਪੂਰੇ ਦੇਸ਼ ਵਿੱਚ ਯੂਜੀਸੀ ਸਕੇਲ ਪਹਿਲਾਂ ਹੀ ਲਾਗੂ ਹੋ ਚੁੱਕੇ ਹਨ। ਅੱਜ ਡਾ. ਕਿੰਗਰਾ ਦੇ ਨਾਲ ਡਾ. ਜੀਪੀਐੱਸ ਢਿੱਲੋਂ, ਡਾ. ਸੁਖਪ੍ਰੀਤ ਸਿੰਘ, ਡਾ. ਦਿਨੇਸ਼ ਅਤੇ ਡਾ. ਸ਼ਿਵ ਕੁਮਾਰ ਲੋਹਾਣ ਵੀ ਭੁੱਖ ਹੜਤਾਲ ’ਤੇ ਬੈਠੇ।