ਪੱਤਰ ਪੇ੍ਰਕ
ਰਾਏਕੋਟ, 1 ਨਵੰਬਰ
ਸਥਾਨਕ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਰੋਟਰੀ ਕਲੱਬ ਲੁਧਿਆਣਾ ਦੇ ਪ੍ਰਧਾਨ ਮਨਮੋਹਨ ਸਿੰਘ, ਸਮਾਜ ਸੇਵੀ ਭੀਮ ਸੈਨ ਕਾਂਸਲ, ਰਕੇਸ਼ ਸਿੰਘਾਨੀਆ, ਰਾਜੇਸ਼ ਸ਼ਰਮਾ ਤੇ ਸਾਹਿਲ ਬਾਂਸਲ ਵੱਲੋਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਦੀਵਾਲੀ ਦੀ ਖੁਸ਼ੀ ਸਾਂਝੀ ਕੀਤੀ ਗਈ।
ਇਸ ਮੌਕੇ ਇਨ੍ਹਾਂ ਵਲੋਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਫਲ-ਫਰੂਟ, ਮਠਿਆਈਆਂ ਅਤੇ ਕੱਪੜੇ ਵੰਡੇ ਗਏ। ਰੋਟਰੀ ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਇਨਸਾਨੀਅਤ ਲਈ ਸੱਚੀ ਭਗਤੀ ਹੈ। ਬਜ਼ੁਰਗ ਪਿਆਰ ਤੇ ਗਿਆਨ ਦਾ ਅਥਾਹ ਭੰਡਾਰ ਹੁੰਦੇ ਹਨ ਪਰ ਅੱਜ ਦੀ ਨੌਜਵਾਨ ਪੀੜ੍ਹੀ ਬਜ਼ੁਰਗਾਂ ਤੋਂ ਕੁਝ ਸਿੱਖਣ ਦੀ ਬਜਾਏ ਉਨ੍ਹਾਂ ਨੂੰ ਬੋਝ ਸਮਝ ਕੇ ਬਿਰਧ ਆਸ਼ਰਮ ਵਿੱਚ ਛੱਡ ਜਾਂਦੀ ਹੈ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਬਿਰਧ ਆਸ਼ਰਮ ਦੀ ਪ੍ਰਬੰਧਕੀ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਉਹ ਬਜ਼ੁਰਗਾਂ ਦੀ ਸੇਵਾ ਲਈ ਅੱਗੇ ਵੀ ਸਹਾਇਤਾ ਜਾਰੀ ਰੱਖਣਗੇ। ਆਸ਼ਰਮ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹਰਜੀਤ ਕੌਰ ਅਤੇ ਸੰਚਾਲਿਕਾ ਰਵੀ ਦੇਵਗਨ ਵੱਲੋਂ ਰੋਟਰੀ ਕਲੱਬ ਦੇ ਮੈਂਬਰਾਂ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸਵਰਨ ਸਿੰਘ, ਗੁਲਜਾਰ ਸਿੰਘ, ਹਰਬੰਸ ਸਿੰਘ, ਜਸਬੀਰ ਸਿੰਘ ਬੱਸੀਆਂ ਆਦਿ ਹਾਜ਼ਰ ਸਨ।