ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 13 ਮਈ
ਸੂਬਾ ਸਰਕਾਰ ਵੱਲੋਂ ਅਹਿਮ ਸ਼ਖ਼ਸੀਅਤਾਂ ਅਤੇ ਸਿਆਸੀ ਰਸੂਖ ਵਾਲੇ ਪਰਿਵਾਰਾਂ ਵੱਲੋਂ ਪੰਚਾਇਤੀ ਅਤੇ ਸ਼ਾਮਲਾਤ ਜ਼ਮੀਨਾਂ ਉੱਪਰ ਕੀਤੇ ਕਬਜ਼ਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਇਸ ਮੁਹਿੰਮ ਨੂੰ ਦੇਖ ਕੇ ਰੌਸ਼ਨੀਆਂ ਦੇ ਸ਼ਹਿਰ ਜਗਰਾਉਂ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਲਈ ਪੁਰਖਿਆਂ ਵੱਲੋਂ ਛੱਡੇ ਸੱਤ ਦੇ ਕਰੀਬ ਛੱਪੜਾਂ ਉੱਪਰ ਹੋਏ ਨਾਜ਼ਾਇਜ ਕਬਜ਼ਿਆਂ ਨੂੰ ਛਡਾਉਣ ਦੀ ਆਸ ਬੱਝੀ ਹੈ। ਸ਼ਹਿਰ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਵਰ੍ਹਿਆਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਸਦਨ ਮਾਰਕੀਟ ਤੋਂ ਲੈ ਕੇ ਕਮਲ ਚੌਕ ਅਤੇ ਅਨਾਰਕਲੀ ਬਾਜ਼ਾਰ ਦਾ ਥੋੜ੍ਹੀ ਜਿਹੀ ਬਾਰਸ਼ ਨਾਲ ਹੀ ਪਾਣੀ ਭਰਨ ਕਾਰਨ ਸ਼ਹਿਰ ਨਾਲੋਂ ਸੰਪਰਕ ਇੱਕ ਤਰ੍ਹਾਂ ਨਾਲ ਟੁੱਟ ਜਾਂਦਾ ਹੈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਇਹ ਸਮੱਸਿਆ ਲੋਕਾਂ ਵੱਲੋਂ ਹੌਲੀ-ਹੌਲੀ ਕੀਤੇ ਕਬਜ਼ਿਆਂ ਕਾਰਨ ਖੜ੍ਹੀ ਹੋਈ ਹੈ। ਲੋਕਾਂ ਨੇ ਕਿਹਾ ਕਿ ਇੱਥੋਂ ਦੇ ਕਰੀਬ ਸੱਤ ਛੱਪੜ ਖੁਰਦ-ਬੁਰਦ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪੋਨਾ ਕੋਠਾ ਪਿੰਡ ਨੂੰ ਜਾਣ ਵਾਲੀ ਸੜਕ ’ਤੇ ਰਹਿੰਦੇ ਇੱਕ ਛੱਪੜ ’ਤੇ ਵੀ ਕੁੱਝ ਲੋਕਾਂ ਵੱਲੋਂ ਕਬਜ਼ੇ ਦੀ ਤਿਆਰੀ ਹੈ।
ਲੋਕ ਸੇਵਾ ਨੂੰ ਸਮਰਪਿਤ ਸ਼ਖ਼ਸੀਅਤਾਂ ਪ੍ਰੋ. ਕਰਮ ਸਿੰਘ ਸੰਧੂ, ਹਰਵਿੰਦਰ ਸਿੰਘ, ਮਹਿੰਦਰ ਸਿੰਘ ਆਦਿ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਦੇ ਛੱਪੜ ਖਾਲੀ ਕਰਵਾਏ ਜਾਣ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਵੀ ਨਾਜ਼ਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਉਣ ਦੀ ਹਾਮੀ ਭਰੀ ਹੈ। ਇਸ ਤੋਂ ਲੋਕਾਂ ਨੂੰ ਲੋਕ ਪੱਖੀ ਕਦਮ ਜਲਦੀ ਪੁੱਟੇ ਜਾਣ ਦੀ ਆਸ ਬੱਝੀ ਹੈ।